
ਮੋਗਾ, 18 ਜੁਲਾਈ (ਹਿੰ.ਸ.)| ਮੋਗਾ ਪੁਲਿਸ ਨੇ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁੱਲ 60 ਕਿਲੋਗ੍ਰਾਮ ਚੂਰਾ ਪੋਸਤ ਅਤੇ 185 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਹਿਲਾ ਮਾਮਲਾ ਥਾਣਾ ਫਤਿਹਗੜ੍ਹ ਪੰਜਤੂਰ ਨਾਲ ਸਬੰਧਤ ਹੈ। ਪੁਲਿਸ ਨੇ ਦਾਣਾ ਮੰਡੀ ਲਲੀਹਾਂਦੀ ਇਲਾਕੇ ਵਿੱਚ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕੀਤੀ। ਇਸ ਦੌਰਾਨ ਬੋਗੇਵਾਲਾ ਵਾਸੀ ਲਵਪ੍ਰੀਤ ਸਿੰਘ ਉਰਫ਼ ਲਵ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ 60 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 15, 61 ਅਤੇ 85 ਤਹਿਤ ਕੇਸ ਦਰਜ ਕੀਤਾ ਹੈ।ਦੂਜਾ ਮਾਮਲਾ ਥਾਣਾ ਨਿਹਾਲ ਸਿੰਘ ਵਾਲਾ ਦਾ ਹੈ। ਪੁਲਿਸ ਨੇ ਪਿੰਡ ਜਵਾਹਰ ਸਿੰਘ ਵਾਲਾ ਨੇੜੇ ਕਾਰਵਾਈ ਕਰਦਿਆਂ ਮਾਣੂਕੇ ਵਾਸੀ ਗੁਰਪ੍ਰੀਤ ਸਿੰਘ ਉਰਫ਼ ਗੱਬਰ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 35 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿੱਚ ਮਾਣੂਕੇ ਵਾਸੀ ਗੁਰਲਾਭ ਸਿੰਘ ਉਰਫ਼ ਲੱਬੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਤੀਜਾ ਮਾਮਲਾ ਥਾਣਾ ਧਰਮਕੋਟ ਨਾਲ ਸਬੰਧਤ ਹੈ। ਪੁਲਿਸ ਨੇ ਪਿੰਡ ਜਲਾਲਾਬਾਦ ਪੂਰਬੀ ਨੇੜੇ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਜਲਾਲਾਬਾਦ ਪੂਰਬੀ ਵਾਸੀ ਕੋਹਿਨੂਰ ਮੁਹੰਮਦ ਉਰਫ਼ ਸ਼ੰਟੀ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 22, 61 ਅਤੇ 85 ਤਹਿਤ ਮਾਮਲਾ ਦਰਜ ਕੀਤਾ ਹੈ।ਮੋਗਾ ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਹੋਰ ਸਾਥੀਆਂ ਅਤੇ ਨਸ਼ਾ ਤਸਕਰੀ ਨਾਲ ਜੁੜੇ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH