
ਤਰਨਤਾਰਨ, 18 ਜੁਲਾਈ (ਹਿੰ.ਸ.)| ਤਰਨਤਾਰਨ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਕਾਰਵਾਈ ਕਰਦਿਆਂ 7 ਮਾਮਲੇ ਦਰਜ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 40 ਗ੍ਰਾਮ ਹੈਰੋਇਨ, 4 ਨਾਜਾਇਜ਼ ਪਿਸਤੌਲ, 10 ਮੈਗਜ਼ੀਨ, 450 ਲੀਟਰ ਲਾਹਣ, 2,200 ਰੁਪਏ ਡਰੱਗ ਮਨੀ ਅਤੇ ਇੱਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਇਹ ਕਾਰਵਾਈ ਐਸਪੀ (ਡੀ) ਤਰਨਤਾਰਨ ਰਿਪੁਤਪਨ ਸਿੰਘ ਪੀਪੀਐਸ ਦੀ ਅਗਵਾਈ ਹੇਠ ਬਣਾਈਆਂ ਗਈਆਂ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਕੀਤੀ ਗਈ।ਥਾਣਾ ਵੈਰੋਵਾਲ ਪੁਲਿਸ ਨੇ ਬਾਕੀਪੁਰ ਵਾਸੀ ਪ੍ਰਿਸਪਾਲ ਸਿੰਘ ਉਰਫ਼ ਵੰਸ਼ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ, ਇੱਕ .32 ਬੋਰ ਪਿਸਤੌਲ, ਇੱਕ ਮੈਗਜ਼ੀਨ, ਦੋ ਜ਼ਿੰਦਾ ਕਾਰਤੂਸ ਅਤੇ ਬਿਨਾਂ ਨੰਬਰ ਵਾਲੀ ਐਕਟਿਵਾ ਬਰਾਮਦ ਕੀਤੀ ਹੈ।ਇਸੇ ਤਰ੍ਹਾਂ ਥਾਣਾ ਸਿਟੀ ਤਰਨਤਾਰਨ ਪੁਲਿਸ ਨੇ ਕੁੜੀਵਾਲਾ ਕਾਂਗ ਵਾਸੀ ਤੁਸ਼ਾਰਪ੍ਰੀਤ ਸਿੰਘ ਨੂੰ 4 ਗ੍ਰਾਮ ਹੈਰੋਇਨ ਅਤੇ 700 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ।ਥਾਣਾ ਸਰਾਏ ਅਮਾਨਤ ਖਾਂ ਪੁਲਿਸ ਨੇ ਹਵੇਲੀਆ ਵਾਸੀ ਜੁਗਰਾਜ ਸਿੰਘ ਉਰਫ਼ ਗੱਜੂ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ।ਦੂਜੇ ਪਾਸੇ ਸੀਆਈਏ ਸਟਾਫ ਅਤੇ ਥਾਣਾ ਖਾਲੜਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਮਾੜੀ ਮੇਘਾ ਨੇੜੇ ਨਾਕਾਬੰਦੀ ਕਰਕੇ ਉਕਾਰ ਸਿੰਘ ਉਰਫ਼ ਵੰਸ ਨੂੰ ਕਾਬੂ ਕੀਤਾ। ਉਸ ਦੇ ਕਬਜ਼ੇ ਵਿੱਚੋਂ 3 ਨਾਜਾਇਜ਼ ਪਿਸਤੌਲ ਅਤੇ ਕਈ ਮੈਗਜ਼ੀਨ ਬਰਾਮਦ ਹੋਈਆਂ ਹਨ।ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਹੋ ਸਕਦੇ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਹ ਸਰਹੱਦ ਪਾਰ ਤੋਂ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦਾ ਸੀ।ਇਸ ਤੋਂ ਇਲਾਵਾ ਪੁਲਿਸ ਨੇ ਹਰਜਿੰਦਰ ਸਿੰਘ ਉਰਫ਼ ਜਿੰਦਾ ਅਤੇ ਰਾਜਨ ਸਿੰਘ ਉਰਫ਼ ਭੂਤ ਨੂੰ 10 ਗ੍ਰਾਮ ਹੈਰੋਇਨ ਅਤੇ 1,500 ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ।ਥਾਣਾ ਸਰਹਾਲੀ ਦੇ ਇਲਾਕੇ ਵਿੱਚ ਕੀਤੀ ਗਈ ਇੱਕ ਹੋਰ ਕਾਰਵਾਈ ਦੌਰਾਨ ਪੁਲਿਸ ਨੇ 450 ਲੀਟਰ ਲਾਹਣ ਵੀ ਬਰਾਮਦ ਕੀਤੀ ਹੈ।ਤਰਨਤਾਰਨ ਪੁਲਿਸ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਨਾਲ ਹੀ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਨਸ਼ਾ ਅਤੇ ਹਥਿਆਰ ਤਸਕਰੀ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH