
ਪਠਾਨਕੋਟ, 18 ਜੁਲਾਈ (ਹਿੰ.ਸ.)| ਸੁਜਾਨਪੁਰ ਦੇ ਪਿੰਡ ਰਾਣੀਪੁਰ ਵਾਸੀ ਟਰੱਕ ਚਾਲਕ ਸੁਖਦੇਵ ਸਿੰਘ (50) ਦੀ ਇਨਰ ਇੰਡਸਟਰੀਅਲ ਏਰੀਆ ਰੋਡ ’ਤੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਰਿਵਾਰ ਨੇ ਇਸ ਘਟਨਾ ਨੂੰ ਸੜਕ ਹਾਦਸਾ ਮੰਨਣ ਤੋਂ ਇਨਕਾਰ ਕਰਦਿਆਂ ਕਤਲ ਦਾ ਸ਼ੱਕ ਜਤਾਇਆ ਹੈ ਅਤੇ ਪੁਲਿਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਰਾਤ ਕਰੀਬ 9 ਤੋਂ 9:30 ਵਜੇ ਦੇ ਦਰਮਿਆਨ ਆਪਣੇ ਟਰੱਕ ’ਤੇ ਤਰਪਾਲ ਪਾਉਣ ਲਈ ਘਰ ਤੋਂ ਨਿਕਲੇ ਸਨ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕਿਹਾ ਸੀ ਕਿ ਉਹ ਗੱਡੀ ਲੈ ਕੇ ਆਉਣਗੇ ਅਤੇ ਫਿਰ ਦੋਵੇਂ ਇਕੱਠੇ ਜਾਣਗੇ।
ਜਦੋਂ ਉਹ ਕਾਫੀ ਸਮੇਂ ਤੱਕ ਵਾਪਸ ਨਾ ਆਏ ਤਾਂ ਪੁੱਤਰ ਨੇ ਉਨ੍ਹਾਂ ਨੂੰ ਫੋਨ ਕੀਤਾ, ਪਰ ਕਾਲ ਰਿਸੀਵ ਨਹੀਂ ਹੋਈ। ਇਸ ਤੋਂ ਕੁਝ ਸਮੇਂ ਬਾਅਦ ਇੱਕ ਅਣਪਛਾਤੇ ਵਿਅਕਤੀ ਨੇ ਸੁਖਦੇਵ ਸਿੰਘ ਦੇ ਮੋਬਾਈਲ ਤੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਸੜਕ ’ਤੇ ਜ਼ਖਮੀ ਹਾਲਤ ਵਿੱਚ ਪਏ ਹਨ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ, ਜਿੱਥੇ ਇਨਰ ਇੰਡਸਟਰੀਅਲ ਏਰੀਆ ਵੱਲ ਜਾਣ ਵਾਲੇ ਰਸਤੇ ’ਤੇ ਸੁਖਦੇਵ ਸਿੰਘ ਦੀ ਲਾਸ਼ ਮਿਲੀ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਸ ਸੜਕ ’ਤੇ ਲੰਬੇ ਸਮੇਂ ਤੋਂ ਭਾਰੀ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ ਕੀਤੀ ਜਾਂਦੀ ਹੈ, ਜਿਸ ਕਾਰਨ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਕੰਪਨੀ ਪ੍ਰਬੰਧਨ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਕਿ ਹਾਦਸਾ ਕਿਸ ਵਾਹਨ ਨਾਲ ਹੋਇਆ।
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੁੰਦੀ ਅਤੇ ਅਸਲ ਦੋਸ਼ੀਆਂ ਦੀ ਪਛਾਣ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੁਖਦੇਵ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਜਾਂਚ ’ਤੇ ਭਰੋਸਾ ਹੈ, ਪਰ ਸੱਚਾਈ ਸਾਹਮਣੇ ਲਿਆਉਣ ਲਈ ਡੂੰਘਾਈ ਨਾਲ ਜਾਂਚ ਜ਼ਰੂਰੀ ਹੈ।
ਉਧਰ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪੋਸਟਮਾਰਟਮ ਦੀ ਰਿਪਰੋਟ ਆਉਣ ਤੋਂ ਬਾਅਦ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਮੇਤ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH