ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 135 ਮਰੀਜ਼ਾਂ ਨੂੰ ਮਿਲਿਆ ਕੈਸ਼ਲੈੱਸ ਦਿਲ ਦਾ ਇਲਾਜ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਚੰਡੀਗੜ੍ਹ, 19 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਦਿਲ ਦੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਜੀਵਨ ਰੱਖਿਅਕ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਯੋਗ ਮਰੀਜ਼ਾਂ ਨੂੰ ਦਿਲ ਨਾਲ ਸਬੰਧਤ ਇਲਾਜ ਕੈਸ਼ਲੈੱਸ ਤਰੀਕੇ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ
ਮੰਤਰੀ ਡਾ. ਬਲਬੀਰ ਸਿੰਘ


ਚੰਡੀਗੜ੍ਹ, 19 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਦਿਲ ਦੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਜੀਵਨ ਰੱਖਿਅਕ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਯੋਗ ਮਰੀਜ਼ਾਂ ਨੂੰ ਦਿਲ ਨਾਲ ਸਬੰਧਤ ਇਲਾਜ ਕੈਸ਼ਲੈੱਸ ਤਰੀਕੇ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਆਰਥਿਕ ਬੋਝ ਤੋਂ ਰਾਹਤ ਮਿਲ ਰਹੀ ਹੈ।

ਫਾਜ਼ਿਲਕਾ ਜ਼ਿਲ੍ਹੇ ਦੇ 58 ਸਾਲਾ ਮਨਜੀਤ ਸਿੰਘ ਦੀ ਕਹਾਣੀ ਇਸ ਯੋਜਨਾ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਮਨਜੀਤ ਸਿੰਘ ਕਈ ਹਫ਼ਤਿਆਂ ਤੱਕ ਛਾਤੀ ਵਿੱਚ ਹੋ ਰਹੀ ਤਕਲੀਫ਼ ਨੂੰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰਦੇ ਰਹੇ। ਜਦੋਂ ਦਰਦ ਵਾਰ-ਵਾਰ ਹੋਣ ਲੱਗਾ ਅਤੇ ਤੁਰਨ ਸਮੇਂ ਵੀ ਬੇਚੈਨੀ ਮਹਿਸੂਸ ਹੋਈ ਤਾਂ ਉਨ੍ਹਾਂ ਨੇ ਡਾਕਟਰੀ ਜਾਂਚ ਕਰਵਾਈ। ਜਾਂਚ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੀ ਇੱਕ ਕੋਰੋਨਰੀ ਧਮਨੀ ਵਿੱਚ ਰੁਕਾਵਟ ਸੀ ਅਤੇ ਤੁਰੰਤ ਇਲਾਜ ਦੀ ਲੋੜ ਸੀ।

ਡਾਕਟਰਾਂ ਨੇ ਕੁਝ ਹੀ ਘੰਟਿਆਂ ਵਿੱਚ ਐਂਜੀਓਪਲਾਸਟੀ ਕਰਕੇ ਸਟੈਂਟ ਪਾਇਆ ਅਤੇ ਦਿਲ ਵਿੱਚ ਖ਼ੂਨ ਦਾ ਪ੍ਰਵਾਹ ਮੁੜ ਬਹਾਲ ਕੀਤਾ। ਸਮੇਂ ਸਿਰ ਮਿਲੇ ਇਲਾਜ ਨਾਲ ਮਨਜੀਤ ਸਿੰਘ ਦੀ ਜਾਨ ਬਚ ਸਕੀ।

ਸਟੇਟ ਹੈਲਥ ਏਜੰਸੀ (ਐੱਸਐੱਚਏ), ਪੰਜਾਬ ਦੇ ਅੰਕੜਿਆਂ ਅਨੁਸਾਰ 15 ਜੁਲਾਈ 2026 ਤੱਕ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 135 ਮਰੀਜ਼ਾਂ ਦਾ ਕੈਸ਼ਲੈੱਸ ਦਿਲ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਲਈ 2.71 ਕਰੋੜ ਰੁਪਏ ਦੀ ਇਲਾਜੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸ ਵਿੱਚ ਜਮਾਂਦਰੂ ਦਿਲ ਦੇ ਨੁਕਸ, ਦਿਲ ਦੇ ਵਾਲਵ ਨਾਲ ਸਬੰਧਤ ਬਿਮਾਰੀਆਂ ਅਤੇ ਹੋਰ ਗੁੰਝਲਦਾਰ ਦਿਲ ਰੋਗਾਂ ਦੀਆਂ ਸਰਜਰੀਆਂ ਸ਼ਾਮਲ ਹਨ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਛਾਤੀ ਵਿੱਚ ਲਗਾਤਾਰ ਦਰਦ, ਸਾਹ ਚੜ੍ਹਨਾ, ਅਸਧਾਰਨ ਥਕਾਵਟ ਜਾਂ ਦਰਦ ਦਾ ਬਾਂਹ, ਜਬਾੜੇ ਜਾਂ ਪਿੱਠ ਤੱਕ ਫੈਲਣਾ ਦਿਲ ਦੀ ਬਿਮਾਰੀ ਦੇ ਮੁੱਖ ਸੰਕੇਤ ਹੋ ਸਕਦੇ ਹਨ। ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਸਥਿਤੀ ਗੰਭੀਰ ਹੋ ਸਕਦੀ ਹੈ, ਜਦਕਿ ਸਮੇਂ ਸਿਰ ਇਲਾਜ ਨਾਲ ਜਾਨ ਬਚਾਉਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਅੱਜ ਵੀ ਵੱਡੀ ਸਿਹਤ ਚੁਣੌਤੀ ਹਨ, ਪਰ ਜਾਗਰੂਕਤਾ, ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਨਾਲ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਛਾਤੀ ਦਰਦ ਅਤੇ ਹੋਰ ਚੇਤਾਵਨੀ ਸੰਕੇਤਾਂ ਨੂੰ ਅਣਡਿੱਠਾ ਨਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਮਰੀਜ਼ ਆਰਥਿਕ ਮੁਸ਼ਕਲ ਕਾਰਨ ਜੀਵਨ ਰੱਖਿਅਕ ਇਲਾਜ ਤੋਂ ਵਾਂਝਾ ਨਾ ਰਹੇ।

ਮਾਈ ਹਸਪਤਾਲ, ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਕਰਨਦੀਪ ਸਿੰਘ ਸਿਆਲ ਨੇ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਨਿਯਮਤ ਕਸਰਤ ਕਰਨ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਅਤੇ ਸਮੇਂ-ਸਮੇਂ 'ਤੇ ਦਿਲ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ।

ਮਨਜੀਤ ਸਿੰਘ ਨੇ ਕਿਹਾ ਕਿ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਉੱਚ ਪੱਧਰੀ ਇਲਾਜ ਹੁਣ ਆਰਥਿਕ ਸਮਰੱਥਾ 'ਤੇ ਨਿਰਭਰ ਨਹੀਂ ਰਿਹਾ। ਉਨ੍ਹਾਂ ਦੀ ਕਹਾਣੀ ਉਹਨਾਂ ਕਈ ਮਰੀਜ਼ਾਂ ਲਈ ਉਮੀਦ ਬਣੀ ਹੈ, ਜਿਨ੍ਹਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਸਮੇਂ ਸਿਰ ਦਿਲ ਦਾ ਇਲਾਜ ਮਿਲਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande