
ਚੰਡੀਗੜ੍ਹ, 19 ਜੁਲਾਈ (ਹਿੰ.ਸ.)| ਪੰਜਾਬ ਦੇ ਸਰਕਾਰੀ ਸਕੂਲਾਂ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ 882 ਵਿਦਿਆਰਥੀਆਂ ਨੇ ਨੈਸ਼ਨਲ ਇਲਿਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ-ਯੂਜੀ) 2026 ਸਫਲਤਾਪੂਰਵਕ ਪਾਸ ਕਰਕੇ ਸਰਕਾਰੀ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਨੂੰ ਇੱਕ ਵਾਰ ਫਿਰ ਸਾਬਤ ਕੀਤਾ ਹੈ। ਪੇਪਰ ਲੀਕ ਕਾਰਨ ਪ੍ਰੀਖਿਆ ਰੱਦ ਹੋਣ ਅਤੇ ਮੁੜ ਪ੍ਰੀਖਿਆ ਕਰਵਾਏ ਜਾਣ ਦੇ ਬਾਵਜੂਦ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੀਟ ਪ੍ਰੀਖਿਆ ਵਿੱਚ ਸਫਲ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਪੰਜਾਬ ਸਰਕਾਰ ਦੀ “ਸਿੱਖਿਆ ਕ੍ਰਾਂਤੀ” ਅਤੇ ਅਧਿਆਪਕਾਂ ਦੀ ਮਿਹਨਤ ਦਾ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਪਣਾ ਲੋਹਾ ਮਨਵਾਇਆ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਮਿਆਰੀ ਸਿੱਖਿਆ ਅਤੇ ਸਹੀ ਮਾਰਗਦਰਸ਼ਨ ਨਾਲ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਾਲ 2024 ਵਿੱਚ ਸਰਕਾਰੀ ਸਕੂਲਾਂ ਦੇ 437 ਵਿਦਿਆਰਥੀਆਂ ਨੇ ਨੀਟ ਪਾਸ ਕੀਤਾ ਸੀ, ਜਦਕਿ 2025 ਵਿੱਚ ਇਹ ਗਿਣਤੀ ਵਧ ਕੇ 847 ਹੋ ਗਈ। ਹੁਣ 2026 ਵਿੱਚ 882 ਵਿਦਿਆਰਥੀਆਂ ਦੀ ਸਫਲਤਾ ਨਾਲ ਦੋ ਸਾਲਾਂ ਵਿੱਚ ਨੀਟ ਪਾਸ ਕਰਨ ਵਾਲਿਆਂ ਦੀ ਗਿਣਤੀ 100 ਫ਼ੀਸਦੀ ਤੋਂ ਵੱਧ ਵਧੀ ਹੈ। ਇਹ ਲਗਾਤਾਰ ਸੁਧਰ ਰਹੀ ਸਰਕਾਰੀ ਸਿੱਖਿਆ ਪ੍ਰਣਾਲੀ ਦਾ ਸਪੱਸ਼ਟ ਸੰਕੇਤ ਹੈ।
ਹਰਜੋਤ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿੱਖਿਆ ਨੂੰ ਗਰੀਬੀ ਤੋਂ ਬਾਹਰ ਨਿਕਲਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਮੰਨਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹਰ ਵਿਦਿਆਰਥੀ ਨੂੰ ਵਿਸ਼ਵ ਪੱਧਰੀ ਸਿੱਖਿਆ, ਮੁਫ਼ਤ ਕੋਚਿੰਗ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਲੋੜੀਂਦੀ ਤਿਆਰੀ ਮੁਹੱਈਆ ਕਰਵਾਉਣਾ ਹੈ।
ਇਸ ਸਫਲਤਾ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਲੁਧਿਆਣਾ ਦੇ ਸਕੂਲ ਆਫ਼ ਐਮੀਨੈਂਸ ਸੇਖੇਵਾਲ ਦੇ ਵਿਦਿਆਰਥੀ ਪ੍ਰਤੀਕ ਕੁਮਾਰ ਹਨ। ਇੱਕ ਪ੍ਰਾਈਵੇਟ ਸਕੂਲ ਅਧਿਆਪਕ ਦੇ ਪੁੱਤਰ ਪ੍ਰਤੀਕ ਨੇ ਨੀਟ-ਯੂਜੀ 2026 ਵਿੱਚ 720 ਵਿੱਚੋਂ 594 ਅੰਕ ਪ੍ਰਾਪਤ ਕੀਤੇ। ਉਸ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ‘ਪੇਸ’ ਪ੍ਰੋਗਰਾਮ ਤਹਿਤ ਮੁਫ਼ਤ ਆਨਲਾਈਨ ਕੋਚਿੰਗ ਅਤੇ ਮੌਕ ਟੈਸਟਾਂ ਦੀ ਮਦਦ ਨਾਲ ਤਿਆਰੀ ਕੀਤੀ। ਪ੍ਰਤੀਕ ਦਾ ਸੁਪਨਾ ਇੱਕ ਓਨਕੋਲੋਜਿਸਟ ਬਣ ਕੇ ਕੈਂਸਰ ਮਰੀਜ਼ਾਂ ਦੀ ਸੇਵਾ ਕਰਨਾ ਹੈ।
ਪ੍ਰਤੀਕ ਦੇ ਪਿਤਾ ਨੇ ਕਿਹਾ ਕਿ ਸਰਕਾਰੀ ਸਹਾਇਤਾ ਅਤੇ ਮੁਫ਼ਤ ਕੋਚਿੰਗ ਨੇ ਉਨ੍ਹਾਂ ਦੇ ਪੁੱਤਰ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਨੀਟ ਦੇ ਨਤੀਜੇ ਪੰਜਾਬ ਵਿੱਚ ਚੱਲ ਰਹੇ ਸਿੱਖਿਆ ਸੁਧਾਰਾਂ ਦੀ ਸਫਲਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਵੀ ਪੰਜਾਬ ਨੇ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਹਰ ਵਿਦਿਆਰਥੀ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਸਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਗਾਤਾਰ ਕੰਮ ਕਰਦੀ ਰਹੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH