
ਚੰਡੀਗੜ੍ਹ, 19 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਤਹਿਤ ਸ਼ੁਰੂ ਕੀਤਾ ਗਿਆ ਬਿਜ਼ਨਸ ਕਲਾਸ ਪ੍ਰੋਗਰਾਮ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਰੁਜ਼ਗਾਰ ਪੈਦਾ ਕਰਨ ਵਾਲੇ ਬਣਾਉਣ ਵੱਲ ਵੱਡਾ ਕਦਮ ਸਾਬਤ ਹੋ ਰਿਹਾ ਹੈ। ਇਸ ਪ੍ਰੋਗਰਾਮ ਦੇ ਪਹਿਲੇ ਸਾਲ ਦੌਰਾਨ ਸੂਬੇ ਭਰ ਦੇ ਲਗਭਗ 95,000 ਵਿਦਿਆਰਥੀਆਂ ਨੂੰ ਉੱਦਮਤਾ ਨਾਲ ਜੋੜਿਆ ਗਿਆ, ਜਿਨ੍ਹਾਂ ਵਿੱਚੋਂ 25,693 ਵਿਦਿਆਰਥੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਹਨ।
ਪੰਜਾਬ ਦੇ ਉਚੇਰੀ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 20,241 ਉੱਦਮਾਂ ਨੇ ਪਹਿਲੇ ਹੀ ਸਾਲ ਵਿੱਚ ਕਰੀਬ 90 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਸਿਰਫ਼ ਵਿਦਿਆਰਥੀਆਂ ਨੂੰ ਡਿਗਰੀਆਂ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਨਵੀਨਤਾਕਾਰੀ ਸੋਚ, ਕਾਰੋਬਾਰੀ ਹੁਨਰ ਅਤੇ ਰੁਜ਼ਗਾਰ ਪੈਦਾ ਕਰਨ ਦੀ ਸਮਰੱਥਾ ਨਾਲ ਲੈਸ ਕਰਨਾ ਹੈ।
ਬਿਜ਼ਨਸ ਕਲਾਸ ਪ੍ਰੋਗਰਾਮ ਅਕਾਦਮਿਕ ਸੈਸ਼ਨ 2025-26 ਦੌਰਾਨ ਬੀ.ਕਾਮ., ਬੀਬੀਏ, ਬੀ.ਟੈਕ., ਬੀ.ਵੋਕੇਸ਼ਨਲ ਕੋਰਸਾਂ ਦੇ ਨਾਲ-ਨਾਲ ਆਈਟੀਆਈ ਅਤੇ ਪੌਲੀਟੈਕਨਿਕ ਸੰਸਥਾਵਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ 20 ਯੂਨੀਵਰਸਿਟੀਆਂ, 494 ਕਾਲਜਾਂ, 320 ਆਈਟੀਆਈਜ਼ ਅਤੇ 91 ਪੌਲੀਟੈਕਨਿਕਾਂ ਸਮੇਤ ਕੁੱਲ 925 ਸੰਸਥਾਵਾਂ ਨੂੰ ਕਵਰ ਕੀਤਾ ਗਿਆ।
ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਕਾਰੋਬਾਰ ਦੀ ਯੋਜਨਾ ਬਣਾਉਣ, ਮਾਰਕੀਟ ਦੀ ਸਮਝ, ਗਾਹਕਾਂ ਨਾਲ ਸੰਪਰਕ, ਡਿਜੀਟਲ ਮੌਜੂਦਗੀ, ਵਿੱਤੀ ਪ੍ਰਬੰਧਨ ਅਤੇ ਸਮੱਸਿਆ ਹੱਲ ਕਰਨ ਵਰਗੇ ਵਿਹਾਰਕ ਹੁਨਰ ਸਿਖਾਏ ਗਏ। ਇਸ ਦਾ ਨਤੀਜਾ ਇਹ ਰਿਹਾ ਕਿ ਲਗਭਗ 57,000 ਵਿਦਿਆਰਥੀ ਅਕਾਦਮਿਕ ਸੈਸ਼ਨ ਦੌਰਾਨ ਹੀ ਅਸਲ ਵਪਾਰਕ ਗਤੀਵਿਧੀਆਂ ਨਾਲ ਜੁੜੇ।
ਇਸ ਪ੍ਰੋਗਰਾਮ ਤਹਿਤ ਕਈ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਸਫਲ ਉੱਦਮ ਸ਼ੁਰੂ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸੌਰਵ ਨੇ ‘ਮੌਕ, ਇਨ ਮਾਚਾ’ ਨਾਮ ਨਾਲ ਮਾਚਾ ਬੀਵਰੇਜ ਦਾ ਕਾਰੋਬਾਰ ਸ਼ੁਰੂ ਕਰਕੇ ਕਰੀਬ 90 ਹਜ਼ਾਰ ਰੁਪਏ ਕਮਾਏ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸ਼ਰਨਵੀਰ ਸਿੰਘ ਨੇ ਡਿਜੀਟਲ ਕਰੀਅਰ ਗਾਈਡੈਂਸ ਪਲੇਟਫਾਰਮ ‘ਸਕਿੱਲੈਕਸਸ’ ਤਿਆਰ ਕੀਤਾ, ਜਿਸ ਨਾਲ 2.5 ਲੱਖ ਤੋਂ ਵੱਧ ਯੂਜ਼ਰ ਜੁੜ ਚੁੱਕੇ ਹਨ।
ਇਸੇ ਤਰ੍ਹਾਂ ਸਰਕਾਰੀ ਆਈਟੀਆਈ ਪਟਿਆਲਾ ਦੇ ਕਮਲਜੀਤ ਸਿੰਘ ਨੇ ਮਸ਼ਰੂਮ ਕਾਰੋਬਾਰ ਰਾਹੀਂ ਕਰੀਬ 1.5 ਲੱਖ ਰੁਪਏ ਦੀ ਕਮਾਈ ਕੀਤੀ, ਜਦਕਿ ਮੋਹਾਲੀ ਦੀ ਗਗਨਪ੍ਰੀਤ ਕੌਰ ਨੇ ‘ਨੇਲ ਸਟੂਡੀਓ ਬਾਏ ਗਗਨ’ ਸ਼ੁਰੂ ਕਰਕੇ ਆਪਣੀ ਪਛਾਣ ਬਣਾਈ।
ਪਹਿਲੇ ਸਾਲ ਦੇ ਸਫਲ ਨਤੀਜਿਆਂ ਤੋਂ ਬਾਅਦ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਇਸ ਪ੍ਰੋਗਰਾਮ ਨੂੰ 2026-27 ਤੋਂ ਬੀਏ, ਬੀਐੱਸਸੀ ਅਤੇ ਹੋਰ ਅੰਡਰਗਰੈਜੂਏਟ ਕੋਰਸਾਂ ਤੱਕ ਵਧਾਉਣ ਦੀ ਸਿਫਾਰਸ਼ ਕੀਤੀ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ, ਤਾਂ ਜੋ ਉਹ ਆਪਣੇ ਲਈ ਹੀ ਨਹੀਂ ਸਗੋਂ ਹੋਰਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਣ। ਉਨ੍ਹਾਂ ਕਿਹਾ ਕਿ ਬਿਜ਼ਨਸ ਕਲਾਸ ਪ੍ਰੋਗਰਾਮ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਉੱਦਮਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH