
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 6 ਸਤੰਬਰ ਤੱਕ ਹੁਕਮ ਜਾਰੀ, ਵਿਆਹ ਸਮਾਗਮਾਂ ਤੇ ਹੋਟਲਾਂ 'ਤੇ ਵੀ ਲਾਗੂ ਹੋਣਗੇ ਨਿਯਮਅੰਮ੍ਰਿਤਸਰ, 19 ਜੁਲਾਈ (ਹਿੰ.ਸ.)| ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਪੱਲਵੀ ਮਿਸ਼ਰਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐੱਸਐੱਸ), 2023 ਦੀ ਧਾਰਾ 163 ਤਹਿਤ ਹਵਾਈ ਅੱਡੇ ਦੇ ਆਲੇ-ਦੁਆਲੇ 10 ਕਿਲੋਮੀਟਰ ਦੇ ਘੇਰੇ ਵਿੱਚ ਡਰੋਨ ਉਡਾਉਣ ਅਤੇ ਲੇਜ਼ਰ ਲਾਈਟਾਂ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।ਜਾਰੀ ਹੁਕਮਾਂ ਅਨੁਸਾਰ ਬਿਨਾਂ ਸਮਰੱਥ ਅਥਾਰਿਟੀ ਦੀ ਮਨਜ਼ੂਰੀ ਕੋਈ ਵੀ ਵਿਅਕਤੀ ਇਸ ਖੇਤਰ ਵਿੱਚ ਡਰੋਨ ਨਹੀਂ ਉਡਾ ਸਕੇਗਾ ਅਤੇ ਨਾ ਹੀ ਲੇਜ਼ਰ ਲਾਈਟਾਂ ਦੀ ਵਰਤੋਂ ਕਰ ਸਕੇਗਾ। ਇਹ ਹੁਕਮ ਮੈਰਿਜ ਪੈਲੇਸਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਜਨਤਕ ਸਮਾਗਮਾਂ 'ਤੇ ਵੀ ਲਾਗੂ ਹੋਣਗੇ।ਪ੍ਰਸ਼ਾਸਨ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦਿਨ-ਰਾਤ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ ਰਹਿੰਦੀ ਹੈ। ਹਵਾਈ ਅੱਡੇ ਦੇ ਨੇੜਲੇ ਪੇਂਡੂ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਹੋਟਲ ਅਤੇ ਮੈਰਿਜ ਪੈਲੇਸ ਹਨ, ਜਿੱਥੇ ਵਿਆਹ ਅਤੇ ਹੋਰ ਸਮਾਗਮਾਂ ਦੌਰਾਨ ਡਰੋਨ ਕੈਮਰਿਆਂ ਅਤੇ ਲੇਜ਼ਰ ਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ।ਪ੍ਰਸ਼ਾਸਨ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਦੀ ਆੜ ਵਿੱਚ ਸਮਾਜ ਵਿਰੋਧੀ ਅਨਸਰ ਕਿਸੇ ਵੀ ਸਮੇਂ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ ਜਾਂ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਸੰਭਾਵਨਾ ਨੂੰ ਰੋਕਣ ਲਈ ਇਹ ਪਾਬੰਦੀ ਲਗਾਈ ਗਈ ਹੈ।ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਹੁਕਮ 6 ਸਤੰਬਰ 2026 ਤੱਕ ਪ੍ਰਭਾਵੀ ਰਹਿਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਅਤੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਹਿਯੋਗ ਦੇਣ।
ਹਿੰਦੂਸਥਾਨ ਸਮਾਚਾਰ / GURSHARAN SINGH