
ਨਕੋਦਰ, 19 ਜੁਲਾਈ (ਹਿੰ.ਸ.)| ਨਕੋਦਰ ਵਿੱਚ ਇੱਕ ਅਣਪਛਾਤੀ ਨੌਜਵਾਨ ਲੜਕੀ ਦੀ ਬਿਮਾਰੀ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵੱਲੋਂ ਥਾਣਾ ਸਿਟੀ ਨਕੋਦਰ ਪੁਲਿਸ ਨੂੰ ਮੈਡੀਕਲ ਸਲਿੱਪ ਭੇਜੀ ਗਈ ਹੈ। ਪੁਲਿਸ ਨੇ ਮ੍ਰਿਤਕਾ ਦੀ ਪਛਾਣ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਕੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਨਕੋਦਰ ਦੀ ਰੇਹੜੀ ਮਾਰਕੀਟ ਇਲਾਕੇ ਵਿੱਚ ਰਹਿ ਰਹੀ ਸੀ। ਉਸ ਦੇ ਨਾਲ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਸੀ। ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਵੀ ਉਸ ਕੋਲੋਂ ਕੋਈ ਪਛਾਣ ਸਬੰਧੀ ਦਸਤਾਵੇਜ਼ ਬਰਾਮਦ ਨਹੀਂ ਹੋਏ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ।
ਪੁਲਿਸ ਨੇ ਮ੍ਰਿਤਕਾ ਦੀ ਪਛਾਣ ਲਈ ਉਸ ਦੀ ਦੇਹ ਨੂੰ ਅਗਲੇ 72 ਘੰਟਿਆਂ ਤੱਕ ਸਿਵਲ ਹਸਪਤਾਲ ਨਕੋਦਰ ਦੇ ਮੁਰਦਾਘਰ ਵਿੱਚ ਰੱਖਵਾਇਆ ਹੈ। ਜੇਕਰ ਇਸ ਮਿਆਦ ਦੌਰਾਨ ਉਸ ਦੀ ਪਛਾਣ ਨਹੀਂ ਹੁੰਦੀ ਤਾਂ ਨਿਯਮਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
ਥਾਣਾ ਸਿਟੀ ਨਕੋਦਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਲੜਕੀ ਜਾਂ ਉਸ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH