
ਚੰਡੀਗੜ੍ਹ, 20 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਨੇ ਸਿੰਥੈਟਿਕ ਨਸ਼ਿਆਂ (ਓਪੀਓਇਡ) ਨਾਲ ਜੂਝ ਰਹੇ ਲੋਕਾਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੀ ਸ਼ੁਰੂਆਤ ਕਰ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਨਸ਼ਿਆਂ ਵਿਰੁੱਧ ਇਲਾਜ-ਕੇਂਦਰਿਤ ਰਣਨੀਤੀ ਨੂੰ ਹੋਰ ਮਜ਼ਬੂਤ ਕਰੇਗਾ।
ਹੁਣ ਤੱਕ ਪੰਜਾਬ ਵਿੱਚ ਨਸ਼ਾ ਪੀੜਤਾਂ ਦਾ ਇਲਾਜ ਮੁੱਖ ਤੌਰ 'ਤੇ 500 ਤੋਂ ਵੱਧ ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ ਕੇਂਦਰਾਂ ਰਾਹੀਂ ਬਿਊਪ੍ਰੇਨੋਰਫਿਨ ਆਧਾਰਿਤ ਓਪੀਓਇਡ ਸਬਸਟੀਚਿਊਸ਼ਨ ਥੈਰੇਪੀ ਨਾਲ ਕੀਤਾ ਜਾ ਰਿਹਾ ਸੀ। ਇਸ ਇਲਾਜ ਵਿੱਚ ਨੁਕਸਾਨਦਾਇਕ ਓਪੀਓਇਡ ਦੀ ਥਾਂ ਡਾਕਟਰੀ ਨਿਗਰਾਨੀ ਹੇਠ ਨਿਯੰਤਰਿਤ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਮੈਥਾਡੋਨ ਮੇਨਟੇਨੈਂਸ ਥੈਰੇਪੀ ਹੁਣ ਉਨ੍ਹਾਂ ਮਰੀਜ਼ਾਂ ਲਈ ਵਾਧੂ ਇਲਾਜ ਵਿਕਲਪ ਮੁਹੱਈਆ ਕਰਵਾਏਗੀ, ਜੋ ਲੰਬੇ ਸਮੇਂ ਤੋਂ ਸਿੰਥੈਟਿਕ ਨਸ਼ਿਆਂ 'ਤੇ ਨਿਰਭਰ ਹਨ ਅਤੇ ਜਿਨ੍ਹਾਂ 'ਤੇ ਪਹਿਲਾਂ ਵਾਲੇ ਇਲਾਜ ਦਾ ਪ੍ਰਭਾਵ ਘੱਟ ਰਿਹਾ ਹੈ।
ਇਸ ਸਮੇਂ ਪੰਜਾਬ ਵਿੱਚ 6 ਸਮਰਪਿਤ ਮੈਥਾਡੋਨ ਕਲੀਨਿਕ ਚਾਲੂ ਕੀਤੇ ਗਏ ਹਨ। ਇਹ ਕਲੀਨਿਕ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ, ਸਿਵਲ ਹਸਪਤਾਲ ਲੁਧਿਆਣਾ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਮੋਹਾਲੀ ਤੇ ਜਲੰਧਰ ਵਿੱਚ ਸਥਾਪਤ ਕੀਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ 6 ਹੋਰ ਕੇਂਦਰ ਖੋਲ੍ਹਣ ਦੀ ਯੋਜਨਾ ਹੈ, ਜਿਸ ਨਾਲ ਕੁੱਲ ਗਿਣਤੀ 12 ਹੋ ਜਾਵੇਗੀ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੈਥਾਡੋਨ ਸਹੂਲਤਾਂ ਦਾ ਵਿਸਥਾਰ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਥੈਰੇਪੀ ਵਿਸ਼ਵ ਸਿਹਤ ਸੰਸਥਾ ਅਤੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਕੀਤੀ ਜਾ ਰਹੀ ਹੈ।
ਨਵੇਂ ਮੈਥਾਡੋਨ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਦਵਾਈ ਦੇ ਨਾਲ ਮਨੋਵਿਗਿਆਨਕ ਕਾਊਂਸਲਿੰਗ, ਮਨੋਚਿਕਿਤਸਾ ਸਲਾਹ, ਪਰਿਵਾਰਕ ਕਾਊਂਸਲਿੰਗ ਅਤੇ ਨਿਯਮਿਤ ਫਾਲੋਅਪ ਦੀ ਸਹੂਲਤ ਵੀ ਦਿੱਤੀ ਜਾਵੇਗੀ। ਮਰੀਜ਼ਾਂ ਨੂੰ ਆਪਣੀ ਨਿਰਧਾਰਤ ਖੁਰਾਕ ਲੈਣ ਲਈ ਰੋਜ਼ਾਨਾ ਕਲੀਨਿਕ ਆਉਣਾ ਹੋਵੇਗਾ, ਜਿੱਥੇ ਦਵਾਈ ਡਾਕਟਰ ਦੀ ਨਿਗਰਾਨੀ ਹੇਠ ਦਿੱਤੀ ਜਾਵੇਗੀ।
ਮੈਥਾਡੋਨ ਇੱਕ ਵਿਗਿਆਨਕ ਸਬੂਤਾਂ 'ਤੇ ਆਧਾਰਿਤ ਇਲਾਜ ਹੈ, ਜੋ ਓਪੀਓਇਡ ਯੂਜ਼ ਡਿਸਆਰਡਰ ਨਾਲ ਪੀੜਤ ਲੋਕਾਂ ਲਈ ਵਰਤਿਆ ਜਾਂਦਾ ਹੈ। ਇਹ ਦਿਮਾਗ ਦੇ ਉਨ੍ਹਾਂ ਹੀ ਰਿਸੈਪਟਰਾਂ 'ਤੇ ਕੰਮ ਕਰਦੀ ਹੈ ਜਿਨ੍ਹਾਂ 'ਤੇ ਹੈਰੋਇਨ ਅਤੇ ਹੋਰ ਸਿੰਥੈਟਿਕ ਨਸ਼ੇ ਪ੍ਰਭਾਵ ਪਾਉਂਦੇ ਹਨ। ਨਿਰਧਾਰਤ ਮਾਤਰਾ ਵਿੱਚ ਇਹ ਨਸ਼ੇ ਦੀ ਤਲਬ ਅਤੇ ਛੱਡਣ ਦੇ ਲੱਛਣਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।
ਸਰਕਾਰ ਦਾ ਮੰਨਣਾ ਹੈ ਕਿ ਇਸ ਥੈਰੇਪੀ ਨਾਲ ਮਰੀਜ਼ ਆਪਣੀ ਸਿਹਤ ਵਿੱਚ ਸੁਧਾਰ ਲਿਆ ਕੇ ਇਲਾਜ, ਰੁਜ਼ਗਾਰ ਅਤੇ ਪਰਿਵਾਰਕ ਜੀਵਨ ਵਿੱਚ ਦੁਬਾਰਾ ਸਰਗਰਮ ਭੂਮਿਕਾ ਨਿਭਾ ਸਕਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH