
ਚੰਡੀਗੜ੍ਹ, 20 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ 'ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਬਿਲਡਿੰਗ (ਸੋਧ) ਨਿਯਮ, 2026' ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਨਿਯਮਾਂ ਤਹਿਤ ਪਹਿਲੀ ਵਾਰ ਸੂਬੇ ਵਿੱਚ ਮਿਕਸ-ਯੂਜ਼ ਪ੍ਰਾਜੈਕਟਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਸ ਨਾਲ ਹੁਣ ਇੱਕੋ ਕੰਪਲੈਕਸ ਜਾਂ ਵੱਡੇ ਪਲਾਟ ਵਿੱਚ ਰਿਹਾਇਸ਼ੀ ਅਤੇ ਵਪਾਰਕ ਗਤੀਵਿਧੀਆਂ ਇਕੱਠੇ ਚਲਾਈਆਂ ਜਾ ਸਕਣਗੀਆਂ।
ਸਰਕਾਰ ਨੇ 21 ਮੀਟਰ (ਕਰੀਬ 6 ਤੋਂ 7 ਮੰਜ਼ਿਲਾਂ) ਤੱਕ ਦੀਆਂ ਇਮਾਰਤਾਂ ਲਈ ਸੈਲਫ਼-ਸਰਟੀਫਿਕੇਸ਼ਨ ਪ੍ਰਣਾਲੀ ਵੀ ਲਾਗੂ ਕਰ ਦਿੱਤੀ ਹੈ। ਇਸ ਤਹਿਤ ਲੋਕਾਂ ਨੂੰ ਨਕਸ਼ਾ ਪਾਸ ਕਰਵਾਉਣ ਜਾਂ ਕੰਪਲੀਸ਼ਨ ਸਰਟੀਫਿਕੇਟ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਵਿਭਾਗ ਵੱਲੋਂ ਅਧਿਕਾਰਤ (ਐਮਪੈਨਲ) ਆਰਕੀਟੈਕਟ ਹੀ ਨਕਸ਼ਿਆਂ ਨੂੰ ਮਨਜ਼ੂਰੀ ਦੇ ਸਕਣਗੇ। ਜੇਕਰ ਅਰਜ਼ੀ ਦੇਣ ਤੋਂ ਬਾਅਦ ਸੱਤ ਦਿਨਾਂ ਅੰਦਰ ਕੋਈ ਇਤਰਾਜ਼ ਨਹੀਂ ਆਉਂਦਾ ਤਾਂ ਨਕਸ਼ਾ ਆਪਣੇ ਆਪ ਮਨਜ਼ੂਰ ਮੰਨਿਆ ਜਾਵੇਗਾ।
ਨਵੇਂ ਨਿਯਮਾਂ ਵਿੱਚ ਮਿਕਸ-ਯੂਜ਼ ਪ੍ਰਾਜੈਕਟਾਂ ਦੇ ਨਾਲ-ਨਾਲ ਮਲਟੀ-ਲੈਵਲ ਕਾਰ ਪਾਰਕਿੰਗ, ਐਫ਼ਏਆਰ (ਫਲੋਰ ਏਰੀਆ ਰੇਸ਼ੋ), ਹਰੇ-ਭਰੇ ਖੇਤਰ, ਪਾਰਕਿੰਗ ਅਤੇ ਅੱਗ ਸੁਰੱਖਿਆ ਲਈ ਵੀ ਨਵੇਂ ਮਾਪਦੰਡ ਤੈਅ ਕੀਤੇ ਗਏ ਹਨ। ਹਾਲਾਂਕਿ, ਇਨ੍ਹਾਂ ਪ੍ਰਾਜੈਕਟਾਂ ਵਿੱਚ ਵੱਡੇ ਹਸਪਤਾਲ, ਨਿਯਮਤ ਸਕੂਲ-ਕਾਲਜ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਮਨਜ਼ੂਰੀ ਨਹੀਂ ਹੋਵੇਗੀ।
ਨਵੇਂ ਨਿਯਮਾਂ ਅਨੁਸਾਰ ਮਿਕਸ-ਯੂਜ਼ ਪ੍ਰਾਜੈਕਟਾਂ ਲਈ ਘੱਟੋ-ਘੱਟ 8,000 ਵਰਗ ਮੀਟਰ ਜ਼ਮੀਨ ਅਤੇ 24 ਮੀਟਰ ਚੌੜੀ ਸੜਕ ਨਾਲ ਸੰਪਰਕ ਹੋਣਾ ਲਾਜ਼ਮੀ ਹੈ। ਵਰਟੀਕਲ ਮਾਡਲ ਤਹਿਤ ਇੱਕੋ ਬਹੁ-ਮੰਜ਼ਿਲਾ ਇਮਾਰਤ ਵਿੱਚ ਹੇਠਲੀਆਂ ਮੰਜ਼ਿਲਾਂ 'ਤੇ ਦੁਕਾਨਾਂ, ਸ਼ੋਅਰੂਮ, ਰੈਸਟੋਰੈਂਟ ਅਤੇ ਦਫ਼ਤਰ ਬਣਾਏ ਜਾ ਸਕਣਗੇ, ਜਦਕਿ ਉੱਪਰਲੀਆਂ ਮੰਜ਼ਿਲਾਂ ਰਿਹਾਇਸ਼ ਲਈ ਵਰਤੀਆਂ ਜਾਣਗੀਆਂ। ਹੋਰਿਜ਼ਾਂਟਲ ਮਾਡਲ ਵਿੱਚ ਇੱਕੋ ਕੈਂਪਸ ਅੰਦਰ ਵੱਖ-ਵੱਖ ਟਾਵਰਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਗਤੀਵਿਧੀਆਂ ਚਲਾਈਆਂ ਜਾ ਸਕਣਗੀਆਂ, ਜਿਸ ਨਾਲ ਨਿਵਾਸੀਆਂ ਦੀ ਗੋਪਨੀਯਤਾ ਵੀ ਬਰਕਰਾਰ ਰਹੇਗੀ।
ਸਰਕਾਰ ਨੇ ਰਿਹਾਇਸ਼ੀ ਇਮਾਰਤਾਂ ਲਈ ਵੀ ਕੁਝ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਹੁਣ ਮਕਾਨ ਦਾ ਪਲਿੰਥ ਲੈਵਲ ਸੜਕ ਦੇ ਵਿਚਕਾਰਲੇ ਪੱਧਰ ਤੋਂ 600 ਮਿਲੀਮੀਟਰ ਤੱਕ ਉੱਚਾ ਬਣਾਇਆ ਜਾ ਸਕੇਗਾ। ਜੇਕਰ ਬੇਸਮੈਂਟ ਬਣਾਇਆ ਜਾਂਦਾ ਹੈ ਤਾਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ 'ਤੇ ਕੁਝ ਵਾਧੂ ਛੋਟਾਂ ਵੀ ਮਿਲਣਗੀਆਂ। ਹਾਲਾਂਕਿ, ਮਕਾਨ ਦੀ ਵੱਧ ਤੋਂ ਵੱਧ ਉਚਾਈ 13 ਮੀਟਰ ਹੀ ਰਹੇਗੀ।
ਨਵੇਂ ਨਿਯਮਾਂ ਮੁਤਾਬਕ ਮਿਕਸ-ਯੂਜ਼ ਪ੍ਰਾਜੈਕਟਾਂ ਵਿੱਚ ਨਿਯਮਤ ਸਕੂਲ, ਕਾਲਜ, 10 ਬੈੱਡ ਤੋਂ ਵੱਧ ਸਮਰੱਥਾ ਵਾਲੇ ਹਸਪਤਾਲ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗ ਅਤੇ ਜਲਣਸ਼ੀਲ ਜਾਂ ਖ਼ਤਰਨਾਕ ਪਦਾਰਥਾਂ ਦੇ ਭੰਡਾਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਉਲਟ, ਕੰਮਕਾਜੀ ਮਾਪਿਆਂ ਦੀ ਸਹੂਲਤ ਲਈ ਕ੍ਰੇਚ ਅਤੇ ਪਲੇ-ਸਕੂਲ ਖੋਲ੍ਹੇ ਜਾ ਸਕਣਗੇ। ਨਾਲ ਹੀ ਆਈਟੀ ਅਤੇ ਆਈਟੀਈਐਸ ਕੰਪਨੀਆਂ ਨੂੰ ਆਪਣੇ ਦਫ਼ਤਰ ਅਤੇ ਵਰਕਸਪੇਸ ਚਲਾਉਣ ਦੀ ਪੂਰੀ ਮਨਜ਼ੂਰੀ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH