ਪੰਜਾਬ ਦੇ ਹਰਸ਼ਵੀਰ ਸਿੰਘ ਸੇਖੋਂ ਦੀ ਗਲਾਸਗੋ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਵਿੱਚ ਚੋਣ
ਪਟਿਆਲਾ, 20 ਜੁਲਾਈ (ਹਿੰ.ਸ.)| ਪੰਜਾਬ ਦੇ ਉਭਰਦੇ ਟ੍ਰੈਕ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋਂ ਦੀ 30 ਜੁਲਾਈ ਤੋਂ 2 ਅਗਸਤ ਤੱਕ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਵਿੱਚ ਚੋਣ ਹੋਈ ਹੈ। ਇਸ ਪ੍ਰਾਪਤੀ ਨਾਲ ਪੰਜਾਬ ਦੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ। ਸਾਈਕਲਿੰਗ ਐ
ਪੰਜਾਬ ਦੇ ਹਰਸ਼ਵੀਰ ਸਿੰਘ ਸੇਖੋਂ ਦੀ ਗਲਾਸਗੋ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਵਿੱਚ ਚੋਣ


ਪਟਿਆਲਾ, 20 ਜੁਲਾਈ (ਹਿੰ.ਸ.)| ਪੰਜਾਬ ਦੇ ਉਭਰਦੇ ਟ੍ਰੈਕ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋਂ ਦੀ 30 ਜੁਲਾਈ ਤੋਂ 2 ਅਗਸਤ ਤੱਕ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਵਿੱਚ ਚੋਣ ਹੋਈ ਹੈ। ਇਸ ਪ੍ਰਾਪਤੀ ਨਾਲ ਪੰਜਾਬ ਦੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ।

ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹਰਸ਼ਵੀਰ ਸਿੰਘ ਸੇਖੋਂ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਦੇ ਸਦਕਾ ਇਹ ਮਾਣਮੱਤਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਸ਼ਵੀਰ ਨੇ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।

ਉਨ੍ਹਾਂ ਦੱਸਿਆ ਕਿ ਹਰਸ਼ਵੀਰ ਸਿੰਘ ਨੇ ਸਾਲ 2019 ਵਿੱਚ ਭਾਰਤੀ ਰਾਸ਼ਟਰੀ ਟ੍ਰੈਕ ਸਾਈਕਲਿੰਗ ਟੀਮ ਨਾਲ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੇ ਚੋਟੀ ਦੇ ਟ੍ਰੈਕ ਸਾਈਕਲਿਸਟਾਂ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ। ਉਹ 2023 ਦੀਆਂ ਏਸ਼ੀਆਈ ਖੇਡਾਂ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਰਾਸ਼ਟਰੀ ਪੱਧਰ 'ਤੇ ਕਈ ਤਗਮੇ ਆਪਣੇ ਨਾਂ ਕਰ ਚੁੱਕੇ ਹਨ।

ਜਗਦੀਪ ਸਿੰਘ ਕਾਹਲੋਂ ਨੇ ਇਸ ਸਫ਼ਲਤਾ ਦਾ ਸਿਹਰਾ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਨੂੰ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਅਤੇ ਉਤਸ਼ਾਹ ਦੇ ਨਤੀਜੇ ਵਜੋਂ ਪੰਜਾਬ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ।

ਐਸੋਸੀਏਸ਼ਨ ਦੇ ਖ਼ਜ਼ਾਨਚੀ ਬੀ.ਐਸ. ਸੂਦਨ ਨੇ ਹਰਸ਼ਵੀਰ ਸਿੰਘ ਸੇਖੋਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਹੀ ਸਿਖਲਾਈ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦੇ ਸਦਕਾ ਹਰਸ਼ਵੀਰ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ।

ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਅਹੁਦੇਦਾਰਾਂ ਨੇ ਉਮੀਦ ਜਤਾਈ ਕਿ ਹਰਸ਼ਵੀਰ ਸਿੰਘ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਲਈ ਤਗਮਾ ਜਿੱਤਣਗੇ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ 'ਤੇ ਹੋਰ ਰੌਸ਼ਨ ਕਰਨਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande