
ਖਰੜ (ਮੋਹਾਲੀ), 21 ਜੁਲਾਈ (ਹਿੰ.ਸ.)| ਸੀਆਈਏ ਸਟਾਫ ਖਰੜ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ, ਤਿੰਨ ਜਿੰਦਾ ਰੌਂਦ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਕਪਤਾਨ ਪੁਲਿਸ (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ ਇਹ ਕਾਰਵਾਈ ਕਪਤਾਨ ਪੁਲਿਸ (ਆਪਰੇਸ਼ਨ) ਤਲਵਿੰਦਰ ਸਿੰਘ ਅਤੇ ਉਪ ਕਪਤਾਨ ਪੁਲਿਸ (ਜਾਂਚ) ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ।
ਪੁਲਿਸ ਮੁਤਾਬਕ ਸੀਆਈਏ ਸਟਾਫ ਦੀ ਟੀਮ ਕ੍ਰਿਸਚਨ ਸਕੂਲ, ਖਰੜ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੋਹਾਲੀ ਵੱਲੋਂ ਆ ਰਹੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਵਾਪਸ ਮੁੜਨ ਦੀ ਕੋਸ਼ਿਸ਼ ਕਰਨ ਲੱਗੇ। ਸ਼ੱਕ ਦੇ ਆਧਾਰ 'ਤੇ ਦੋਵਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਗੌਤਮ ਉਰਫ਼ ਪੋਲਾ (23) ਵਾਸੀ ਸੈਕਟਰ-25ਡੀ, ਚੰਡੀਗੜ੍ਹ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ ਅਤੇ ਇੱਕ ਜਿੰਦਾ ਰੌਂਦ, ਜਦਕਿ ਪ੍ਰਸ਼ਾਂਤ (28) ਵਾਸੀ ਸੈਕਟਰ-25ਡੀ, ਚੰਡੀਗੜ੍ਹ ਦੇ ਕਬਜ਼ੇ ਵਿੱਚੋਂ ਦੋ ਜਿੰਦਾ .32 ਬੋਰ ਰੌਂਦ ਬਰਾਮਦ ਹੋਏ।
ਇਸ ਸਬੰਧੀ ਥਾਣਾ ਸਿਟੀ ਖਰੜ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ, ਆਰਮਜ਼ ਐਕਟ ਅਤੇ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਤਿੰਨ-ਤਿੰਨ ਮਾਮਲੇ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਅਸਲ੍ਹਾ ਆਪਣੀ ਸੁਰੱਖਿਆ ਲਈ ਅਤੇ ਪੁਰਾਣੇ ਮੁਕੱਦਮਿਆਂ ਦੇ ਮੁੱਦਈਆਂ ਨੂੰ ਡਰਾ-ਧਮਕਾ ਕੇ ਸਮਝੌਤਾ ਕਰਵਾਉਣ ਦੇ ਮਕਸਦ ਨਾਲ ਆਪਣੇ ਕੋਲ ਰੱਖਿਆ ਹੋਇਆ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH