
ਫ਼ਰੀਦਕੋਟ, 21 ਜੁਲਾਈ (ਹਿੰ.ਸ.)| ਫ਼ਰੀਦਕੋਟ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ 1 ਕਿਲੋ 310 ਗ੍ਰਾਮ ਹੈਰੋਇਨ ਅਤੇ 4 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਦਿਆਂ ਦੋ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲ ਰਹੀ ਮੁਹਿੰਮ ਦੌਰਾਨ ਸੀਆਈਏ ਸਟਾਫ਼ ਫ਼ਰੀਦਕੋਟ ਦੇ ਏਐੱਸਆਈ ਹਾਕਮ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਚੰਦਬਾਜਾ ਦੀ ਅਨਾਜ ਮੰਡੀ ਤੋਂ ਇੱਕ ਕਾਰ ਵਿੱਚ ਸਵਾਰ ਹਰਦੀਪ ਸਿੰਘ ਉਰਫ਼ ਰੌਕੀ ਉਰਫ਼ ਜੁਗਨੂੰ ਵਾਸੀ ਸਦਾ ਵਾਲੀ ਬਸਤੀ, ਵਾਰਡ ਨੰਬਰ-11, ਮੋਗਾ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 810 ਗ੍ਰਾਮ ਹੈਰੋਇਨ ਅਤੇ 4 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।ਇੱਕ ਹੋਰ ਕਾਰਵਾਈ ਵਿੱਚ ਸੀਆਈਏ ਸਟਾਫ਼ ਜੈਤੋ ਦੇ ਇੰਚਾਰਜ ਏਐੱਸਆਈ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਿੰਡ ਸੇਵਾ ਵਾਲਾ ਨੇੜੇ ਗਸ਼ਤ ਦੌਰਾਨ ਰਮਨਦੀਪ ਸਿੰਘ ਉਰਫ਼ ਰਮਨ, ਵਾਸੀ ਪਿੰਡ ਖੇਮਾ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ।ਪੁੱਛਗਿੱਛ ਦੌਰਾਨ ਰਮਨਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਇਹ ਹੈਰੋਇਨ ਫਾਜ਼ਿਲਕਾ ਦੇ ਸੁਖਜਿੰਦਰ ਸਿੰਘ ਉਰਫ਼ ਬੱਬੀ ਤੋਂ ਲੈ ਕੇ ਆਇਆ ਸੀ। ਇਸ ਦੇ ਆਧਾਰ 'ਤੇ ਪੁਲਿਸ ਨੇ ਸੁਖਜਿੰਦਰ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੈਰੋਇਨ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲੇ ਜਾਣਗੇ ਤਾਂ ਜੋ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਅੱਗੇ ਵੀ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH