
ਪਤੀ, ਸੱਸ ਤੇ ਸਹੁਰਾ ਗ੍ਰਿਫ਼ਤਾਰ, ਨਣਦ ਫ਼ਰਾਰ; ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀਨੂਰਮਹਿਲ, 21 ਜੁਲਾਈ (ਹਿੰ.ਸ.)| ਨੂਰਮਹਿਲ ਦੇ ਮਾਡਲ ਟਾਊਨ ਵਿੱਚ ਘਰੇਲੂ ਕਲੇਸ਼ ਅਤੇ ਕਥਿਤ ਤੌਰ 'ਤੇ ਲਗਾਤਾਰ ਹੋ ਰਹੀ ਕੁੱਟਮਾਰ ਤੋਂ ਤੰਗ ਆ ਕੇ ਇੱਕ ਵਿਆਹੁਤਾ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਪਤੀ, ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਨਣਦ ਦੀ ਭਾਲ ਕੀਤੀ ਜਾ ਰਹੀ ਹੈ।ਮ੍ਰਿਤਕਾ ਦੇ ਭਰਾ ਜੈ ਚੰਦ, ਵਾਸੀ ਬੂਟਾ ਮੰਡੀ, ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸਾਲ 2012 ਵਿੱਚ ਬਲਵਿੰਦਰ ਕੁਮਾਰ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ 12 ਸਾਲ ਦਾ ਪੁੱਤਰ ਅਤੇ 9 ਸਾਲ ਦੀ ਧੀ ਸ਼ਾਮਲ ਹਨ।ਸ਼ਿਕਾਇਤ ਮੁਤਾਬਕ ਬਲਵਿੰਦਰ ਕੁਮਾਰ ਇੱਕ ਨਿੱਜੀ ਬੈਂਕ ਵਿੱਚ ਨੌਕਰੀ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। ਦੋਸ਼ ਹੈ ਕਿ ਉਹ ਨਸ਼ੇ ਦੀ ਹਾਲਤ ਵਿੱਚ ਅਕਸਰ ਸਰਬਜੀਤ ਕੌਰ ਨਾਲ ਝਗੜਾ ਕਰਦਾ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਜੈ ਚੰਦ ਨੇ ਦੋਸ਼ ਲਾਇਆ ਕਿ ਪਤੀ ਤੋਂ ਇਲਾਵਾ ਸੱਸ, ਸਹੁਰਾ ਅਤੇ ਨਣਦ ਵੀ ਉਸ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਦੇ ਸਨ। ਪਰਿਵਾਰ ਵੱਲੋਂ ਕਈ ਵਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।ਸ਼ਿਕਾਇਤ ਅਨੁਸਾਰ 18 ਜੁਲਾਈ ਨੂੰ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਸਰਬਜੀਤ ਕੌਰ ਦੀ ਕੁੱਟਮਾਰ ਕੀਤੀ। 20 ਜੁਲਾਈ ਨੂੰ ਜੈ ਚੰਦ ਦੀ ਪਤਨੀ ਨੇ ਜਦੋਂ ਉਸ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਹ ਕਾਫ਼ੀ ਘਬਰਾਈ ਹੋਈ ਲੱਗੀ। ਕੁਝ ਸਮੇਂ ਬਾਅਦ ਪਤੀ ਬਲਵਿੰਦਰ ਕੁਮਾਰ ਨੇ ਫ਼ੋਨ ਕਰਕੇ ਜਾਣਕਾਰੀ ਦਿੱਤੀ ਕਿ ਸਰਬਜੀਤ ਕੌਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਮ੍ਰਿਤਕਾ ਦੀ ਲਾਸ਼ ਚਾਰਪਾਈ 'ਤੇ ਰੱਖੀ ਹੋਈ ਸੀ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ।ਥਾਣਾ ਨੂਰਮਹਿਲ ਦੀ ਪੁਲਿਸ ਨੇ ਮਾਮਲੇ ਵਿੱਚ ਪਤੀ, ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਨਣਦ ਨੀਲੋ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH