
ਹੁਸ਼ਿਆਰਪੁਰ, 21 ਜੁਲਾਈ (ਹਿੰ.ਸ.)| ਹੁਸ਼ਿਆਰਪੁਰ ਦੇ ਦਸੂਹਾ ਅਦਾਲਤ ਵਿੱਚ ਮੁਅੱਤਲ ਐਸਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਮੰਗਲਵਾਰ ਦੂਜੀ ਵਾਰ ਪੇਸ਼ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਨਾਗਰਾ ਨੂੰ ਇੱਕ ਦਿਨ ਦੇ ਹੋਰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਉਸ ਤੋਂ ਹੋਰ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੇ ਸਬੂਤ ਅਤੇ ਹੋਰ ਤੱਥ ਇਕੱਠੇ ਕਰੇਗੀ।ਜਾਣਕਾਰੀ ਮੁਤਾਬਕ, ਅਮਰੀਕੀ ਜਾਂਚ ਏਜੰਸੀ ਐੱਫਬੀਆਈ ਵੱਲੋਂ ਚਲਾਏ ਗਏ 'ਆਪਰੇਸ਼ਨ ਹਾਰਡ ਬਾਲ' ਦੌਰਾਨ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਇੱਕ ਪਰਿਵਾਰ ਤੋਂ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ।ਪੁਲਿਸ ਜਾਂਚ ਦੌਰਾਨ ਨਾਗਰਾ ਦੇ ਬੈਂਕ ਖਾਤੇ ਵਿੱਚ 16 ਲੱਖ ਰੁਪਏ ਦੇ ਲੈਣ-ਦੇਣ ਦਾ ਰਿਕਾਰਡ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਫਿਰੌਤੀ ਮੰਗਣ ਸਬੰਧੀ ਵੀ ਸਬੂਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਜਾਂਚ ਏਜੰਸੀਆਂ ਅਨੁਸਾਰ ਨਾਗਰਾ ਦਾ ਨਾਮ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨਾਲ ਜੁੜੇ ਅੰਤਰਰਾਸ਼ਟਰੀ ਗੈਂਗ ਨੈੱਟਵਰਕ ਦੀ ਜਾਂਚ ਦੌਰਾਨ ਵੀ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਡੀਆਈਜੀ ਨਵੀਨ ਸਿੰਗਲਾ ਨੇ ਨਾਗਰਾ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਦੀ ਜ਼ਿੰਮੇਵਾਰੀ ਐਸਪੀ ਵਿਨੀਤ ਅਹਲਾਵਤ ਨੂੰ ਸੌਂਪੀ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਨਾਗਰਾ ਖ਼ਿਲਾਫ਼ ਐਕਸਟੋਰਸ਼ਨ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਨਾਗਰਾ ਤੋਂ ਹੋਰ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੇ ਵਿੱਤੀ ਲੈਣ-ਦੇਣ, ਫਿਰੌਤੀ ਰੈਕਟ ਅਤੇ ਹੋਰ ਸੰਭਾਵਿਤ ਕੜੀਆਂ ਦੀ ਜਾਂਚ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH