
ਚੰਡੀਗੜ੍ਹ, 22 ਜੁਲਾਈ (ਹਿੰ.ਸ.)| ਪੰਜਾਬ ਵਿੱਚ ਡਾਇਬੀਟੀਜ਼ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਤੇਜ਼ੀ ਨਾਲ ਕੰਮਕਾਜੀ ਵਰਗ ਅਤੇ ਨੌਜਵਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਵਿੱਚ ਡਾਇਬੀਟੀਜ਼ ਨਾਲ ਜੁੜੇ 2300 ਇਲਾਜ ਮਾਮਲਿਆਂ 'ਤੇ ਕਰੀਬ 6.5 ਕਰੋੜ ਰੁਪਏ ਖਰਚ ਕੀਤੇ ਗਏ ਹਨ।ਸਟੇਟ ਹੈਲਥ ਏਜੰਸੀ (ਐੱਸਐੱਚਏ), ਪੰਜਾਬ ਵੱਲੋਂ 21 ਜੁਲਾਈ 2026 ਤੱਕ ਸਾਂਝੇ ਕੀਤੇ ਅੰਕੜਿਆਂ ਮੁਤਾਬਕ, ਡਾਇਬੀਟੀਜ਼ ਦੇ ਸਭ ਤੋਂ ਵੱਧ 1123 ਮਾਮਲੇ 36 ਤੋਂ 60 ਸਾਲ ਉਮਰ ਵਰਗ ਦੇ ਲੋਕਾਂ ਵਿੱਚ ਸਾਹਮਣੇ ਆਏ ਹਨ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਦੇ 809 ਬਜ਼ੁਰਗ, 17 ਤੋਂ 35 ਸਾਲ ਦੇ 243 ਨੌਜਵਾਨ ਅਤੇ 0 ਤੋਂ 16 ਸਾਲ ਦੇ 125 ਬੱਚੇ ਸ਼ਾਮਲ ਹਨ।ਸਿਹਤ ਮਾਹਿਰਾਂ ਅਨੁਸਾਰ ਡਾਇਬੀਟੀਜ਼ ਆਮ ਤੌਰ 'ਤੇ ਕਿਸੇ ਅਚਾਨਕ ਐਮਰਜੈਂਸੀ ਵਜੋਂ ਸਾਹਮਣੇ ਨਹੀਂ ਆਉਂਦੀ। ਇਸ ਦੇ ਸ਼ੁਰੂਆਤੀ ਲੱਛਣ ਜਿਵੇਂ ਵਾਰ-ਵਾਰ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਧੁੰਦਲਾ ਦਿਖਾਈ ਦੇਣਾ, ਜ਼ਿਆਦਾ ਥਕਾਵਟ, ਪੈਰਾਂ ਵਿੱਚ ਸੁੰਨਪਣ ਜਾਂ ਜ਼ਖ਼ਮ ਦਾ ਦੇਰ ਨਾਲ ਠੀਕ ਹੋਣਾ ਅਕਸਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਸ ਕਾਰਨ ਕਈ ਮਰੀਜ਼ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਦੇ ਹਨ।ਇਲਾਜ ਦੇ ਅੰਕੜਿਆਂ ਮੁਤਾਬਕ, ਡਾਇਬੈਟਿਕ ਕੀਟੋਐਸਿਡੋਸਿਸ (ਖੂਨ ਵਿੱਚ ਸ਼ੂਗਰ ਦੀ ਬਹੁਤ ਵੱਧ ਮਾਤਰਾ ਕਾਰਨ ਪੈਦਾ ਹੋਣ ਵਾਲੀ ਗੰਭੀਰ ਸਥਿਤੀ) ਸਭ ਤੋਂ ਵੱਧ ਦਰਜ ਕੀਤਾ ਗਿਆ ਇਲਾਜ ਪੈਕੇਜ ਰਿਹਾ। ਇਸ ਤੋਂ ਇਲਾਵਾ ਡਾਇਬੈਟਿਕ ਫੁੱਟ, ਡਾਇਲਿਸਿਸ, ਆਈਸੀਯੂ ਇਲਾਜ, ਬਲੱਡ ਟਰਾਂਸਫਿਊਜ਼ਨ, ਸੀਟੀ ਅਤੇ ਐਮਆਰਆਈ ਜਾਂਚ ਅਤੇ ਸਰਜਰੀ ਵਰਗੀਆਂ ਸਿਹਤ ਸੇਵਾਵਾਂ ਦੀ ਲੋੜ ਵੀ ਕਈ ਮਰੀਜ਼ਾਂ ਨੂੰ ਪਈ।ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਅੰਕੜੇ ਹਰ ਪਰਿਵਾਰ ਲਈ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਡਾਇਬੀਟੀਜ਼ ਨਾਲ ਪ੍ਰਭਾਵਿਤ ਜ਼ਿਆਦਾਤਰ ਲੋਕ ਉਹ ਹਨ ਜੋ ਆਪਣੇ ਪਰਿਵਾਰਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ਅਤੇ ਸੂਬੇ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਾਇਬੀਟੀਜ਼ ਦੇ ਲੱਛਣਾਂ ਨੂੰ ਅਣਡਿੱਠਾ ਨਾ ਕੀਤਾ ਜਾਵੇ ਅਤੇ ਨਿਯਮਿਤ ਤੌਰ 'ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬਿਮਾਰੀ ਗੰਭੀਰ ਹੋਣ ਤੋਂ ਬਾਅਦ ਇਲਾਜ ਕਰਵਾਉਣ ਨਾਲੋਂ ਸਮੇਂ ਸਿਰ ਰੋਕਥਾਮ ਅਤੇ ਪ੍ਰਬੰਧਨ ਜ਼ਿਆਦਾ ਪ੍ਰਭਾਵਸ਼ਾਲੀ ਹੈ।ਸਿਹਤ ਵਿਭਾਗ ਨੇ ਲੋਕਾਂ ਨੂੰ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਸਿਹਤਮੰਦ ਵਜ਼ਨ ਬਣਾਈ ਰੱਖਣ ਅਤੇ ਤੰਬਾਕੂ ਤੇ ਸ਼ਰਾਬ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਮਾਹਿਰਾਂ ਮੁਤਾਬਕ ਸਮੇਂ ਸਿਰ ਜਾਂਚ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਕਰਕੇ ਡਾਇਬੀਟੀਜ਼ ਦੀਆਂ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH