
ਅਬੋਹਰ, 22 ਜੁਲਾਈ (ਹਿੰ.ਸ.)| ਅਬੋਹਰ ਨਗਰ ਨਿਗਮ ਦੇ ਮੇਅਰ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਤੋਂ ਇੱਕ ਦਿਨ ਬਾਅਦ ਪਾਰਟੀ ਦੇ ਅਬੋਹਰ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਮੇਅਰ ਚੋਣ ਵਿੱਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣਾ ਅਸਤੀਫ਼ਾ ਪੰਜਾਬ ਵਿੱਚ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਭੇਜ ਦਿੱਤਾ ਹੈ।
ਅਰੁਣ ਨਾਰੰਗ ਨੇ ਕਿਹਾ ਕਿ ਉਨ੍ਹਾਂ ਨੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ, ਪਰ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਵਜੋਂ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਪਾਰਟੀ ਲਈ ਕੰਮ ਕਰਨ ਦਾ ਸਿਲਸਿਲਾ ਜਾਰੀ ਰਹੇਗਾ।
ਅਰੁਣ ਨਾਰੰਗ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੁੜੇ ਹੋਏ ਸਨ ਅਤੇ ਸਾਲ 2017 ਤੋਂ 2022 ਤੱਕ ਅਬੋਹਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਰਹੇ। ਸਤੰਬਰ 2023 ਵਿੱਚ ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਰਾਜਨੀਤਿਕ ਚਰਚਾਵਾਂ ਮੁਤਾਬਕ, ਭਾਜਪਾ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ।
ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ 50 ਵਿੱਚੋਂ 28 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਸੀ, ਜਦਕਿ ਆਮ ਆਦਮੀ ਪਾਰਟੀ ਨੂੰ 20 ਸੀਟਾਂ ਮਿਲੀਆਂ ਸਨ। ਨਿਗਮ ਦੀ ਪਹਿਲੀ ਮੀਟਿੰਗ ਦੌਰਾਨ ਅਰੁਣ ਨਾਰੰਗ ਨੇ ਦਾਅਵਾ ਕੀਤਾ ਸੀ ਕਿ 'ਆਪ' ਦੇ ਕੌਂਸਲਰ ਗਣੇਸ਼ ਸਬਲਾਨੀਆ ਨੂੰ ਮੇਅਰ ਚੁਣ ਲਿਆ ਗਿਆ ਹੈ। ਹਾਲਾਂਕਿ, ਭਾਜਪਾ ਦੇ ਵਿਰੋਧ ਤੋਂ ਬਾਅਦ ਚੋਣ ਪ੍ਰਕਿਰਿਆ ਰੋਕ ਦਿੱਤੀ ਗਈ ਸੀ।
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਾਰੋਬਾਰੀ ਸ਼ਿਵ ਲਾਲ ਡੋਡਾ ਦੀ ਨੂੰਹ ਸੁਹਾਨੀ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਸਿਆਸੀ ਹਲਕਿਆਂ ਵਿੱਚ ਚਰਚਾ ਰਹੀ ਕਿ ਡੋਡਾ ਪਰਿਵਾਰ ਨੂੰ ਮੇਅਰ ਚੋਣ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸੂਤਰਾਂ ਅਨੁਸਾਰ, ਇਹ ਘਟਨਾਕ੍ਰਮ ਅਰੁਣ ਨਾਰੰਗ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਦੇ ਅਸਤੀਫ਼ੇ ਦੇ ਪਿੱਛੇ ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ।
ਮੰਗਲਵਾਰ ਨੂੰ ਦੁਬਾਰਾ ਹੋਈ ਮੇਅਰ ਚੋਣ ਵਿੱਚ ਭਾਜਪਾ ਨੇ ਜਿੱਤ ਦਰਜ ਕੀਤੀ ਅਤੇ ਪੂਜਾ ਵਧਵਾ ਅਬੋਹਰ ਨਗਰ ਨਿਗਮ ਦੀ ਨਵੀਂ ਮੇਅਰ ਚੁਣੀ ਗਈ। ਇਸ ਹਾਰ ਤੋਂ ਅਗਲੇ ਹੀ ਦਿਨ ਅਰੁਣ ਨਾਰੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH