ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਏਆਈ ਪੜ੍ਹਾਈ ਜਾਵੇਗੀ: ਮੰਤਰੀ ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 22 ਜੁਲਾਈ (ਹਿੰ.ਸ.)| ਪੰਜਾਬ ਸਕੂਲੀ ਸਿੱਖਿਆ ਵਿੱਚ ਇੱਕ ਨਵਾਂ ਇਤਿਹਾਸ ਰਚਦਿਆਂ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਮੁੱਖ ਵਿਸ਼ੇ ਵਜੋਂ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਵੱਲੋਂ ‘ਸਰਬੱਤ.ਏਆਈ’ ਪ
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੰਬੋਧਨ ਕਰਦੇ ਹੋਏ।


ਚੰਡੀਗੜ੍ਹ, 22 ਜੁਲਾਈ (ਹਿੰ.ਸ.)| ਪੰਜਾਬ ਸਕੂਲੀ ਸਿੱਖਿਆ ਵਿੱਚ ਇੱਕ ਨਵਾਂ ਇਤਿਹਾਸ ਰਚਦਿਆਂ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਮੁੱਖ ਵਿਸ਼ੇ ਵਜੋਂ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਵੱਲੋਂ ‘ਸਰਬੱਤ.ਏਆਈ’ ਪ੍ਰੋਜੈਕਟ ਤਹਿਤ ਇਸ ਪਾਠਕ੍ਰਮ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ।

ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਸਿੱਖਿਆ ਮਾਹਿਰਾਂ ਅਤੇ ਤਕਨੀਕੀ ਭਾਈਵਾਲਾਂ ਦੀ ਮੌਜੂਦਗੀ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਹਰ ਪੀਐੱਸਈਬੀ ਸਕੂਲ ਵਿੱਚ ਪੜ੍ਹਦਾ ਵਿਦਿਆਰਥੀ, ਭਾਵੇਂ ਉਹ ਸ਼ਹਿਰ ਦਾ ਹੋਵੇ ਜਾਂ ਪਿੰਡ ਦਾ, ਭਵਿੱਖ ਦੀਆਂ ਤਕਨੀਕੀ ਲੋੜਾਂ ਅਨੁਸਾਰ ਏਆਈ ਦੇ ਹੁਨਰ ਸਿੱਖੇਗਾ।

ਬੈਂਸ ਨੇ ਕਿਹਾ ਕਿ ਇਹ ਪਹਿਲ ਵਿਦਿਆਰਥੀਆਂ ਨੂੰ ਸਿਰਫ਼ ਏਆਈ ਦੀ ਜਾਣਕਾਰੀ ਹੀ ਨਹੀਂ ਦੇਵੇਗੀ, ਸਗੋਂ ਨਵੀਨਤਾ, ਉੱਦਮਤਾ, ਨੈਤਿਕ ਏਆਈ ਅਤੇ ਜ਼ਿੰਮੇਵਾਰ ਡਿਜੀਟਲ ਨਾਗਰਿਕਤਾ ਲਈ ਵੀ ਤਿਆਰ ਕਰੇਗੀ। ਉਨ੍ਹਾਂ ਦੱਸਿਆ ਕਿ ਪਾਠਕ੍ਰਮ ਨੂੰ ਸਿੰਗਾਪੁਰ, ਫਿਨਲੈਂਡ, ਯੂਏਈ ਅਤੇ ਅਮਰੀਕਾ ਦੀਆਂ ਸਰਵੋਤਮ ਸਿੱਖਿਆ ਪ੍ਰਣਾਲੀਆਂ ਦਾ ਅਧਿਐਨ ਕਰਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਯੂਨੈਸਕੋ ਦੇ ਐਥੀਕਲ ਏਆਈ ਫਰੇਮਵਰਕ ਨਾਲ ਜੋੜਿਆ ਗਿਆ ਹੈ।

ਪਹਿਲੇ ਪੜਾਅ ਵਿੱਚ ਅੱਠਵੀਂ ਤੋਂ 12ਵੀਂ ਜਮਾਤ ਤੱਕ ਏਆਈ ਨੂੰ ਕੰਪਿਊਟਰ ਸਾਇੰਸ ਨਾਲ ਜੋੜ ਕੇ ਪੜ੍ਹਾਇਆ ਜਾਵੇਗਾ। ਵਿਦਿਆਰਥੀਆਂ ਨੂੰ ਲਾਈਵ ਆਨਲਾਈਨ ਕਲਾਸਾਂ, ਰਿਕਾਰਡ ਕੀਤੇ ਲੈਕਚਰ, ਪ੍ਰੋਜੈਕਟ ਆਧਾਰਿਤ ਸਿੱਖਿਆ ਅਤੇ ਲਰਨਿੰਗ ਮੈਨੇਜਮੈਂਟ ਸਿਸਟਮ (ਐਲਐੱਮਐੱਸ) ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਦੂਜੇ ਪੜਾਅ ਵਿੱਚ ਪਹਿਲੀ ਤੋਂ ਸੱਤਵੀਂ ਜਮਾਤ ਤੱਕ ਵੀ ਏਆਈ ਸਿੱਖਿਆ ਸ਼ੁਰੂ ਕੀਤੀ ਜਾਵੇਗੀ।

ਇਸ ਪ੍ਰੋਗਰਾਮ ਤੋਂ ਸੂਬੇ ਦੇ 25,172 ਸਕੂਲਾਂ ਅਤੇ ਲਗਭਗ 31.5 ਲੱਖ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਪਹਿਲੇ ਪੜਾਅ ਵਿੱਚ 12,424 ਕੰਪਿਊਟਰ ਸਾਇੰਸ ਅਧਿਆਪਕ ਇਸ ਨੂੰ ਲਾਗੂ ਕਰਨਗੇ, ਜਦਕਿ ਹੌਲੀ-ਹੌਲੀ ਦੋ ਲੱਖ ਤੋਂ ਵੱਧ ਅਧਿਆਪਕਾਂ ਨੂੰ ਵੀ ਏਆਈ ਅਧਾਰਿਤ ਸਿੱਖਿਆ ਲਈ ਸਿਖਲਾਈ ਦਿੱਤੀ ਜਾਵੇਗੀ।

ਮਨੀਸ਼ ਸਿਸੋਦੀਆ ਨੇ ਇਸ ਪਹਿਲ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਨੇ ਏਆਈ ਸਿੱਖਿਆ ਵਿੱਚ ਦੇਸ਼ ਲਈ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਭਵਿੱਖ ਦੀ ਤਕਨਾਲੋਜੀ-ਅਧਾਰਿਤ ਦੁਨੀਆ ਵਿੱਚ ਅਗਵਾਈ ਕਰਨ ਲਈ ਤਿਆਰ ਕਰੇਗਾ। ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਇਹ ਪਹਿਲ ਸੂਬੇ ਨੂੰ ਸਿੱਖਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੀਂ ਪਛਾਣ ਦੇਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande