
ਪਟਿਆਲਾ, 23 ਜੁਲਾਈ (ਹਿੰ.ਸ.)| ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਭਾਵੀ ਹੜ੍ਹਾਂ ਵਰਗੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਸਹਿਯੋਗ ਨਾਲ ਜਲਦ ਹੀ ਮੌਕ ਡਰਿੱਲ ਕਰਵਾਈ ਜਾਵੇਗੀ, ਤਾਂ ਜੋ ਕਿਸੇ ਵੀ ਸੰਭਾਵੀ ਹੜ੍ਹ ਦੀ ਸਥਿਤੀ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਦੀ ਤਿਆਰੀ ਨੂੰ ਪਰਖਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਮਾਨਸੂਨ ਦੌਰਾਨ ਹੜ੍ਹ ਪ੍ਰਬੰਧਨ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਵਿੱਚ ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਨਡੀਆਰਐਫ ਦੀ 7ਵੀਂ ਬਟਾਲੀਅਨ ਬਠਿੰਡਾ ਦੇ ਅਧਿਕਾਰੀ, ਸਮੂਹ ਐਸਡੀਐਮ, ਪੁਲਿਸ, ਡਰੇਨੇਜ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ।
ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਦੇ ਸਰਾਲਾ ਹੈਡ ਅਤੇ ਭਾਖੜਾ ਨਹਿਰ ਦੇ ਇੱਕ ਉਚਿਤ ਸਥਾਨ 'ਤੇ ਮੌਕ ਡਰਿੱਲ ਕੀਤੀ ਜਾਵੇਗੀ, ਜਿਸ ਨਾਲ ਤਿਆਰੀਆਂ ਵਿੱਚ ਮੌਜੂਦ ਕਿਸੇ ਵੀ ਕਮੀ ਦੀ ਸਮੇਂ ਸਿਰ ਪਛਾਣ ਕਰਕੇ ਉਸ ਨੂੰ ਦੂਰ ਕੀਤਾ ਜਾ ਸਕੇ। ਡਾ. ਅਗਰਵਾਲ ਨੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਨਦੀਆਂ ਅਤੇ ਡਰੇਨਾਂ ਦੇ ਸੰਵੇਦਨਸ਼ੀਲ ਸਥਾਨਾਂ 'ਤੇ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣ ਰਹੀ ਜਲਬੂਟੀ ਅਤੇ ਹੋਰ ਸਮੱਗਰੀ ਨੂੰ ਤੁਰੰਤ ਹਟਾਉਣ ਲਈ ਲੋੜੀਂਦੀ ਮਸ਼ੀਨਰੀ 24 ਘੰਟੇ ਤਾਇਨਾਤ ਰੱਖੀ ਜਾਵੇ। ਉਨ੍ਹਾਂ ਸਾਰੇ ਵਿਭਾਗਾਂ ਨੂੰ ਲੋੜੀਂਦਾ ਸਾਜ਼ੋ-ਸਮਾਨ ਪਹਿਲਾਂ ਹੀ ਉਪਲਬਧ ਕਰਵਾਉਣ ਲਈ ਵੀ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਐਮਰਜੈਂਸੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਕਿਸ਼ਤੀਆਂ, ਲਾਈਫ ਜੈਕੇਟਾਂ, ਰੱਸਿਆਂ, ਗੋਤਾਖੋਰਾਂ ਦੀ ਸੂਚੀ, ਰਾਹਤ ਕੇਂਦਰਾਂ, ਰਾਸ਼ਨ ਅਤੇ ਹੋਰ ਐਮਰਜੈਂਸੀ ਸਹੂਲਤਾਂ ਦੀ ਉਪਲਬਧਤਾ ਦਾ ਵੀ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਮਨੁੱਖੀ ਜਾਨਾਂ ਦੇ ਨਾਲ-ਨਾਲ ਪਸ਼ੂਆਂ ਦੀ ਸੁਰੱਖਿਆ ਲਈ ਵੀ ਵੱਡੇ ਬੇੜਿਆਂ ਦਾ ਪ੍ਰਬੰਧ ਕਰਨ ਅਤੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਪਹਿਲਾਂ ਹੀ ਨਿਸ਼ਾਨਦੇਹੀ ਕਰਕੇ ਰਾਹਤ ਟੀਮਾਂ ਨੂੰ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਮਾਨਸੂਨ ਦੌਰਾਨ ਹਾਲਾਤ 'ਤੇ ਲਗਾਤਾਰ ਨਿਗਰਾਨੀ ਰੱਖੇਗਾ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇਗਾ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH