
ਫਤਿਹਗੜ੍ਹ ਸਾਹਿਬ, 23 ਜੁਲਾਈ (ਹਿੰ.ਸ.)| ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਨਿਆਣ ਵਿਖੇ ਘਰ ਵਿੱਚ ਰੱਖੇ ਕਣਕ ਦੇ ਭੰਡਾਰ ਨੂੰ ਕੀੜਿਆਂ ਤੋਂ ਬਚਾਉਣ ਲਈ ਵਰਤੀਆਂ ਗਈਆਂ ਸਲਫਾਸ (ਐਲੂਮੀਨੀਅਮ ਫਾਸਫਾਈਡ) ਦੀਆਂ ਗੋਲੀਆਂ ਤੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਬੱਚੀਆਂ ਅਤੇ ਇੱਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਿੰਨਾਂ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਖਨਿਆਣ ਵਿੱਚ ਦੋ ਸਕੇ ਭਰਾ ਆਪਣੇ ਪਰਿਵਾਰਾਂ ਸਮੇਤ ਇੱਕੋ ਮਕਾਨ ਵਿੱਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਪਰਿਵਾਰ ਨੇ ਸਟੋਰ ਰੂਮ ਵਿੱਚ ਰੱਖੀ ਕਣਕ ਨੂੰ ਕੀੜਿਆਂ ਤੋਂ ਬਚਾਉਣ ਲਈ ਸਲਫਾਸ ਦੀਆਂ ਗੋਲੀਆਂ ਰੱਖੀਆਂ ਸਨ। ਜਿਸ ਸਟੋਰ ਵਿੱਚ ਕਣਕ ਰੱਖੀ ਹੋਈ ਸੀ, ਉਸ ਦਾ ਇੱਕ ਦਰਵਾਜ਼ਾ ਸਿੱਧਾ ਉਸ ਬੈੱਡਰੂਮ ਵਿੱਚ ਖੁੱਲਦਾ ਸੀ, ਜਿੱਥੇ ਦੋਵੇਂ ਪਰਿਵਾਰ ਆਪਣੇ ਬੱਚਿਆਂ ਨਾਲ ਸੌਂਦੇ ਸਨ।
ਰਾਤ ਸਭ ਤੋਂ ਪਹਿਲਾਂ 13 ਦਿਨਾਂ ਦੀ ਮਾਸੂਮ ਹਰਸੀਰਤ ਕੌਰ ਦੀ ਤਬੀਅਤ ਵਿਗੜੀ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਚਾਰ ਸਾਲਾ ਮਨਰਾਜ ਸਿੰਘ ਨੂੰ ਲਗਾਤਾਰ ਉਲਟੀਆਂ ਆਉਣ ਲੱਗੀਆਂ। ਪਰਿਵਾਰ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ, ਪਰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਇਸ ਘਟਨਾ ਵਿੱਚ 13 ਅਤੇ 8 ਸਾਲ ਦੀਆਂ ਦੋ ਬੱਚੀਆਂ ਅਤੇ ਇੱਕ ਔਰਤ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਈਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਅਤੇ ਮੈਡੀਕਲ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਲਫਾਸ ਦੀਆਂ ਗੋਲੀਆਂ ਤੋਂ ਨਿਕਲ ਰਹੀ ਫਾਸਫਿਨ ਜ਼ਹਿਰੀਲੀ ਗੈਸ ਬੈੱਡਰੂਮ ਵਿੱਚ ਲੱਗੇ ਏਅਰ ਕੰਡੀਸ਼ਨਰ (ਏਸੀ) ਰਾਹੀਂ ਦਰਵਾਜ਼ੇ ਦੀਆਂ ਦਰਾਰਾਂ ਵਿੱਚੋਂ ਕਮਰੇ ਅੰਦਰ ਖਿੱਚੀ ਗਈ। ਕਮਰਾ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਗੈਸ ਬਾਹਰ ਨਾ ਨਿਕਲ ਸਕੀ ਅਤੇ ਸੌਂ ਰਹੇ ਪਰਿਵਾਰਕ ਮੈਂਬਰ ਇਸ ਨੂੰ ਸਾਹ ਰਾਹੀਂ ਅੰਦਰ ਲੈਂਦੇ ਰਹੇ।
ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਨਾਜ ਵਿੱਚ ਕੀਟਨਾਸ਼ਕ ਜਾਂ ਸਲਫਾਸ ਵਰਗੇ ਰਸਾਇਣਾਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨ ਅਤੇ ਅਜਿਹੇ ਪਦਾਰਥਾਂ ਨੂੰ ਰਹਿਣ ਵਾਲੇ ਕਮਰਿਆਂ ਦੇ ਨੇੜੇ ਨਾ ਰੱਖਣ, ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH