
ਚੰਡੀਗੜ੍ਹ, 19 ਅਗਸਤ (ਹਿੰ.ਸ.)| ਪੰਜਾਬ ਨੂੰ ਤਕਨਾਲੋਜੀ ਆਧਾਰਤ ਉੱਦਮਤਾ ਦੇ ਕੌਮੀ ਧੁਰੇ ਵਜੋਂ ਵਿਕਸਤ ਕਰਨ ਵੱਲ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਐਸਟੀਪੀਆਈ ਮੋਹਾਲੀ ਵਿਖੇ 29 ਕਰੋੜ ਰੁਪਏ ਦੀ ਲਾਗਤ ਨਾਲ ‘ਸਟਾਰਟਅੱਪ ਪੰਜਾਬ ਹੱਬ-ਨਿਊਰੋਨ 2.0’ ਸਥਾਪਤ ਕਰਨ ਲਈ ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ਼ ਇੰਡੀਆ (ਐਸਟੀਪੀਆਈ) ਨਾਲ ਸਮਝੌਤਾ ਕੀਤਾ ਹੈ। ਇਹ ਇਨਕਿਊਬੇਸ਼ਨ ਸੈਂਟਰ ਸਾਈਬਰ ਸੁਰੱਖਿਆ ਅਤੇ ਉੱਨਤ ਤਕਨਾਲੋਜੀ ਆਧਾਰਿਤ ਸਟਾਰਟਅੱਪਸ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰੇਗਾ।ਉਦਯੋਗ ਭਵਨ ਵਿਖੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਹੋਏ ਸਮਝੌਤੇ ’ਤੇ ਡਾਇਰੈਕਟਰ ਉਦਯੋਗ ਅਤੇ ਵਣਜ-ਕਮ-ਪੰਜਾਬ ਸਟਾਰਟਅੱਪ ਨੋਡਲ ਅਫ਼ਸਰ ਜਸਪ੍ਰੀਤ ਸਿੰਘ ਅਤੇ ਐਸਟੀਪੀਆਈ ਦੇ ਡਾਇਰੈਕਟਰ ਸ਼ੈਲੇਂਦਰ ਕੇ. ਤਿਆਗੀ ਨੇ ਦਸਤਖ਼ਤ ਕੀਤੇ। ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਵੱਲੋਂ 12 ਕਰੋੜ ਰੁਪਏ ਅਤੇ ਐਸਟੀਪੀਆਈ ਵੱਲੋਂ 17 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਜਾਵੇਗਾ।ਅਮਨ ਅਰੋੜਾ ਨੇ ਦੱਸਿਆ ਕਿ ‘ਨਿਊਰੋਨ 2.0’ ਪਿਛਲੇ ‘ਨਿਊਰੋਨ 1.0’ ਦੀ ਸਫਲਤਾ ’ਤੇ ਆਧਾਰਿਤ ਹੈ। ਪਿਛਲੇ ਹੱਬ ਤਹਿਤ 114 ਸਟਾਰਟਅੱਪਸ ਨੂੰ ਇਨਕਿਊਬੇਟ ਕੀਤਾ ਗਿਆ, 158 ਉਤਪਾਦਾਂ ਅਤੇ 171 ਪ੍ਰੋਟੋਟਾਈਪਸ ਦੇ ਵਿਕਾਸ ਵਿੱਚ ਸਹਾਇਤਾ ਦਿੱਤੀ ਗਈ ਅਤੇ ਕਰੀਬ 2,700 ਨੌਕਰੀਆਂ ਪੈਦਾ ਹੋਈਆਂ। ਇਨ੍ਹਾਂ ਸਟਾਰਟਅੱਪਸ ਨੇ 251 ਕਰੋੜ ਰੁਪਏ ਦਾ ਨਿਵੇਸ਼ ਹਾਸਲ ਕੀਤਾ ਅਤੇ ਉਨ੍ਹਾਂ ਦੀ ਕੁੱਲ ਵੈਲਿਊ ਲਗਭਗ 2,890 ਕਰੋੜ ਰੁਪਏ ਰਹੀ।ਨਵੇਂ ਹੱਬ ਦਾ ਟੀਚਾ ਅਗਲੇ ਪੰਜ ਸਾਲਾਂ ਦੌਰਾਨ ਘੱਟੋ-ਘੱਟ 50 ਸਟਾਰਟਅੱਪਸ ਨੂੰ ਤਿਆਰ ਕਰਨਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਸਬੰਧੀ ਹੁਨਰ ਸਿਖਲਾਈ ਰਾਹੀਂ 2,000 ਪੇਸ਼ੇਵਰਾਂ ਨੂੰ ਸਿਖਲਾਈ ਦੇਣਾ ਹੈ। ਨਿਊਰੋਨ 2.0 ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਐਨਾਲਿਟਿਕਸ, ਇੰਟਰਨੈੱਟ ਆਫ਼ ਥਿੰਗਜ਼, ਆਡੀਓ-ਵਿਜ਼ੂਅਲ ਗ੍ਰਾਫਿਕਸ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਨੂੰ ਤਰਜੀਹ ਦਿੱਤੀ ਜਾਵੇਗੀ।ਇਸ ਹੱਬ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਸਮਰਪਿਤ ਸਾਈਬਰ ਸੁਰੱਖਿਆ ਲੈਬ ਸਥਾਪਤ ਕੀਤੀ ਜਾਵੇਗੀ। ਇੱਥੇ ਸਟਾਰਟਅੱਪ ਇਨਕਿਊਬੇਸ਼ਨ, ਮੈਂਟਰਿੰਗ, ਹੁਨਰ ਵਿਕਾਸ, ਉਤਪਾਦ ਵਿਕਾਸ ਅਤੇ ਵਪਾਰੀਕਰਨ ਦੇ ਨਾਲ ਉਦਯੋਗਿਕ ਸਬੰਧਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਯੋਗ ਸਟਾਰਟਅੱਪਸ ਨੂੰ ‘ਸਟਾਰਟਅੱਪ ਪੰਜਾਬ’ ਅਧੀਨ ਰਜਿਸਟ੍ਰੇਸ਼ਨ ਕਰਵਾ ਕੇ ਸੂਬੇ ਦੀ ਸਟਾਰਟਅੱਪ ਨੀਤੀ ਦੇ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ।ਐਸਟੀਪੀਆਈ ਵੱਲੋਂ ਹੱਬ ਦਾ ਸੰਚਾਲਨ ਅਤੇ ਪ੍ਰਬੰਧਨ ਕਰਨ ਦੇ ਨਾਲ ਸਾਈਬਰ ਸੁਰੱਖਿਆ ਲੈਬ ਦੀ ਦੇਖਭਾਲ ਕੀਤੀ ਜਾਵੇਗੀ। ਸੰਸਥਾ ਵੱਲੋਂ ਹੈਕਾਥੌਨ, ਬੂਟਕੈਂਪ, ਆਊਟਰੀਚ ਅਤੇ ਨਿਵੇਸ਼ਕਾਂ ਨਾਲ ਸੰਪਰਕ ਸਬੰਧੀ ਸਮਾਗਮ ਕਰਵਾਏ ਜਾਣਗੇ। ਇਸ ਦੇ ਨਾਲ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਤਕਨਾਲੋਜੀ ਅਤੇ ਹੁਨਰ ਵਿਕਾਸ ਸਬੰਧੀ ਸਿਖਲਾਈ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH