
ਪੰਚਕੂਲਾ, 21 ਅਗਸਤ (ਹਿੰ.ਸ.)| ਪੰਚਕੂਲਾ ਦੇ ਸੈਕਟਰ-21 ਵਿੱਚ ਘੱਗਰ ਨਦੀ ਦੇ ਕੰਢੇ ਇੱਕ ਨਵਜਾਤ ਬੱਚੀ ਦਾ ਭਰੂਣ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਨਦੀ ਵਿੱਚ ਕੰਮ ਕਰ ਰਹੇ ਕੁਝ ਲੋਕਾਂ ਨੇ ਭਰੂਣ ਨੂੰ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਡਾਇਲ-112 ਰਾਹੀਂ ਸੈਕਟਰ-25 ਪੁਲਿਸ ਚੌਕੀ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਸੀਨ ਆਫ਼ ਕਰਾਈਮ ਟੀਮ ਨੂੰ ਵੀ ਮੌਕੇ ’ਤੇ ਬੁਲਾ ਕੇ ਜਾਂਚ ਸ਼ੁਰੂ ਕਰਵਾਈ ਗਈ।ਮੁੱਢਲੀ ਜਾਂਚ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਵਜਾਤ ਦਾ ਭਰੂਣ ਦਰਿਆ ਦੇ ਪਾਣੀ ਵਿੱਚ ਵਹਿ ਕੇ ਸੈਕਟਰ-21 ਦੇ ਨੇੜੇ ਪਹੁੰਚਿਆ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜਾਤ ਨੂੰ ਜਨਮ ਤੋਂ ਤੁਰੰਤ ਬਾਅਦ ਦਰਿਆ ਵਿੱਚ ਸੁੱਟਿਆ ਗਿਆ ਹੋ ਸਕਦਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।ਭਰੂਣ ਦੀ ਨਾਭੀ ’ਤੇ ਹਸਪਤਾਲ ਦੀ ਕਲਿੱਪ ਲੱਗੀ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਕਾਰਨ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਵਜਾਤ ਦਾ ਜਨਮ ਕਿੱਥੇ ਹੋਇਆ ਅਤੇ ਉਸ ਨੂੰ ਕਿਹੜੇ ਹਾਲਾਤਾਂ ਵਿੱਚ ਦਰਿਆ ਵਿੱਚ ਸੁੱਟਿਆ ਗਿਆ। ਫਿਲਹਾਲ ਨਵਜਾਤ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮਾਮਲੇ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH