
ਚੰਡੀਗੜ੍ਹ, 21 ਅਗਸਤ (ਹਿੰ.ਸ.)| ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸਾਲ ਭਰ ਧਾਰਮਿਕ, ਸੱਭਿਆਚਾਰਕ, ਵਿਦਿਅਕ ਅਤੇ ਸਮਾਜਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਤਹਿਤ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ 92 ਡਰੋਨ ਸ਼ੋਅ ਕਰਵਾਏ ਜਾਣਗੇ। ਇਹ ਸ਼ੋਅ ਮਾਲਵਾ, ਦੋਆਬਾ ਅਤੇ ਮਾਝਾ ਖੇਤਰਾਂ ਵਿੱਚ 1 ਸਤੰਬਰ ਤੋਂ ਸ਼ੁਰੂ ਹੋਣਗੇ।ਦੀਪਕ ਬਾਲੀ ਨੇ ਦੱਸਿਆ ਕਿ ਡਰੋਨ ਸ਼ੋਅ ਰਾਹੀਂ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਫ਼ਲਸਫ਼ੇ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਦਾ ਖਾਸ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੇ ਬਰਾਬਰੀ, ਸਮਾਜਿਕ ਸਦਭਾਵਨਾ ਅਤੇ ਮਨੁੱਖੀ ਮਾਣ-ਸਤਿਕਾਰ ਦੇ ਸੰਦੇਸ਼ ਨਾਲ ਜੋੜਨਾ ਹੈ। ਇਨ੍ਹਾਂ ਸਮਾਗਮਾਂ ਲਈ ਪੰਜਾਬ ਸਰਕਾਰ ਵੱਲੋਂ ਕਰੀਬ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 12 ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਸੱਤ ਸਮਾਗਮ ਪਹਿਲਾਂ ਹੀ ਸੰਪੰਨ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਪੰਜਾਬ ਦੇ ਪਿੰਡ-ਪਿੰਡ ਦਿਖਾਈ ਜਾ ਰਹੀ ਹੈ।ਪ੍ਰਕਾਸ਼ ਪੁਰਬ ਦੇ ਜਸ਼ਨਾਂ ਤਹਿਤ ਵਾਰਾਣਸੀ, ਜੰਮੂ, ਫਰੀਦਕੋਟ ਅਤੇ ਬਠਿੰਡਾ ਤੋਂ ਚਾਰ ਵੱਡੀਆਂ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ, ਜੋ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ।ਖੁਰਾਲਗੜ੍ਹ ਸਾਹਿਬ ਵਿਖੇ ਤਿੰਨ ਦਿਨਾ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਪਹਿਲੇ ਦਿਨ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਪ੍ਰਦਰਸ਼ਨੀ, ਕਥਾ-ਕੀਰਤਨ ਦਰਬਾਰ, ਸੰਤ ਸੰਮੇਲਨ ਅਤੇ ਬਾਣੀ ’ਤੇ ਆਧਾਰਿਤ ਕਾਨਫਰੰਸ ਹੋਵੇਗੀ। ਦੂਜੇ ਦਿਨ ਕਥਾ-ਕੀਰਤਨ ਦਰਬਾਰ, ਕਾਨਫਰੰਸ, ਮੀਨਾਰ-ਏ-ਬੇਗਮਪੁਰਾ ਵਿਖੇ 3ਡੀ ਪ੍ਰੋਜੈਕਸ਼ਨ ਅਤੇ ਡਰੋਨ ਸ਼ੋਅ ਕਰਵਾਇਆ ਜਾਵੇਗਾ। ਸਮਾਪਤੀ ਵਾਲੇ ਦਿਨ ਵੀ ਕਥਾ-ਕੀਰਤਨ ਦਰਬਾਰ, ਬੇਗਮਪੁਰਾ ਸਮਾਗਮ, 3ਡੀ ਪ੍ਰੋਜੈਕਸ਼ਨ ਅਤੇ ਡਰੋਨ ਸ਼ੋਅ ਮੁੱਖ ਆਕਰਸ਼ਣ ਰਹਿਣਗੇ।ਦੀਪਕ ਬਾਲੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ 650 ਏਕੜ ਰਕਬੇ ’ਤੇ ਗੁਰੂ ਰਵਿਦਾਸ ਜੀ ਦੀਆਂ ਬਗੀਚੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹਰ ਜ਼ਿਲ੍ਹੇ ਵਿੱਚ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਜੁਲਾਈ ਤੋਂ ਨਵੰਬਰ ਤੱਕ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਗੁਰੂ ਜੀ ਦੇ ਜੀਵਨ ਤੇ ਫ਼ਲਸਫ਼ੇ ’ਤੇ ਸੈਮੀਨਾਰ ਅਤੇ ਵਰਕਸ਼ਾਪਾਂ ਵੀ ਕਰਵਾਈਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਇਸ ਮਹੀਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ‘ਰਨ ਫਾਰ ਇਕੁਇਲਟੀ’ ਮੈਰਾਥਨ ਅਤੇ ਸਤੰਬਰ ਵਿੱਚ ਸਾਈਕਲ ਰੈਲੀਆਂ ਕਰਵਾਈਆਂ ਜਾਣਗੀਆਂ। ਬਾਲੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰੀ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਅੱਗੇ ਵਧਾਉਣ।
ਹਿੰਦੂਸਥਾਨ ਸਮਾਚਾਰ / GURSHARAN SINGH