ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਬੰਬੀਹਾ ਗੈਂਗ ਦੇ ਤਿੰਨ ਕਾਰਕੁਨਾਂ ਨੂੰ ਮਲੇਸ਼ੀਆ ਤੋਂ ਵਾਪਸ ਭਾਰਤ ਲਿਆਂਦਾ
ਚੰਡੀਗੜ੍ਹ, 19 ਅਗਸਤ (ਹਿੰ.ਸ.)| ਗੈਂਗਸਟਰਾਂ ਤੇ ਵਾਰ ਮੁਹਿੰਮ ਦੌਰਾਨ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫਲਤਾ ਦਰਜ ਕਰਦਿਆਂ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟ੍ਰੀਡੀਸ਼ਨ ਸੈੱਲ (ਓ.ਐਫ.ਟੀ.ਈ.ਸੀ.) ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ,ਦਵਿੰਦਰ ਬੰਬੀਹਾ ਗੈਂ
Punjab Police detaining accused at Delhi Airport


ਚੰਡੀਗੜ੍ਹ, 19 ਅਗਸਤ (ਹਿੰ.ਸ.)| ਗੈਂਗਸਟਰਾਂ ਤੇ ਵਾਰ ਮੁਹਿੰਮ ਦੌਰਾਨ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫਲਤਾ ਦਰਜ ਕਰਦਿਆਂ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟ੍ਰੀਡੀਸ਼ਨ ਸੈੱਲ (ਓ.ਐਫ.ਟੀ.ਈ.ਸੀ.) ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ,ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਲੋੜੀਂਦੇ ਕਾਰਕੁਨਾਂ ਦੀ ਸੁਰੱਖਿਅਤ ਹਵਾਲਗੀ ਹਾਸਿਲ ਕੀਤੀ ਹੈ । ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਡਿਪੋਰਟ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ, ਵਾਸੀ ਫਰੀਦਕੋਟ ਅਤੇ ਅਜੈ ਸਿੰਘ ਅਤੇ ਪਵਨਦੀਪ ਸਿੰਘ ਵਾਸੀ ਸ੍ਰੀ ਗੰਗਾਨਗਰ, ਰਾਜਸਥਾਨ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮਲੇਸ਼ੀਆ ਤੋਂ ਭਾਰਤ ਲਿਆਂਦੇ ਤਿੰਨਾਂ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿੱਚ ਅਗਲੇਰੀ ਜਾਂਚ ਲਈ ਉਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ ।

ਡੀਜੀਪੀ ਨੇ ਕਿਹਾ ਕਿ ਇਹ ਤਿੰਨੋਂ ਦੋਸ਼ੀ ਮਲੇਸ਼ੀਆ ਸਥਿਤ ਦਵਿੰਦਰ ਬੰਬੀਹਾ ਗੈਂਗ ਦੇ ਮੁੱਖ ਕਾਰਕੁਨ ਹਨ ਅਤੇ ਇਹਨਾਂ ਦੇ ਪਾਕਿਸਤਾਨ ਦੀ ਆਈਐਸਆਈ ਨਾਲ ਵੀ ਸਬੰਧ ਹਨ । ਉਕਤ ਤਿੰਨੋਂ ਦੋਸ਼ੀ ਕਤਲ, ਜਬਰਨ ਵਸੂਲੀ, ਵਿਸਫੋਟਕ ਅਤੇ ਲੁਧਿਆਣਾ ਵਿਖੇ ਹੈਂਡ ਗ੍ਰਨੇਡ ਧਮਾਕੇ ਦੀ ਯੋਜਨਾ ਬਣਾਉਣ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦੇ ਹਨ। ਹੋਰ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਭਗੌੜਿਆਂ ਦੀ ਹਵਾਲਗੀ ਅਤੇ ਗ੍ਰਿਫ਼ਤਾਰੀ ਇੱਕ ਨਿਰੰਤਰ ਖੁਫੀਆ-ਅਗਵਾਈ ਵਾਲੀ ਕਾਰਵਾਈ ਦਾ ਸਿੱਟਾ ਹੈ, ਜੋ ਕਈ ਮਹੀਨਿਆਂ ਤੱਕ ਜਾਰੀ ਰਹੀ, ਜਿਸ ਦੌਰਾਨ ਭਗੌੜਿਆਂ ਦੀਆਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ । ਉਨ੍ਹਾਂ ਕਿਹਾ ਕਿ ਪੂਰਨ ਤਾਲਮੇਲ ਵਾਲੇ ਯਤਨਾਂ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਮਲੇਸ਼ੀਆ ਵਿਖੇ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਭਾਰਤ ਭੇਜ ਦਿੱਤਾ ਗਿਆ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਓ.ਐਫ.ਟੀ.ਈ.ਸੀ. ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਦੋਸ਼ੀ ਜਸਪ੍ਰੀਤ ਉਰਫ਼ ਜਸ ਬਹਿਬਲ ਜੂਨ 2019 ਵਿੱਚ ਮਲੇਸ਼ੀਆ ਗਿਆ ਸੀ, ਜਿੱਥੇ ਉਹ ਇੱਕ ਭਗੌੜੇ ਗੈਂਗਸਟਰ ਦੇ ਸੰਪਰਕ ਵਿੱਚ ਆਇਆ, ਉਸੇ ਰਾਹੀਂ ਉਹ ਦਵਿੰਦਰ ਬੰਬੀਹਾ ਗੈਂਗ ਵਿੱਚ ਸ਼ਾਮਲ ਹੋਇਆ ਅਤੇ ਹੌਲੀ-ਹੌਲੀ ਗੈਂਗ ਦੇ ਅਹਿਮ ਕਾਰਕੁਨ ਵਜੋਂ ਉਭਰਿਆ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ 2025 ਵਿੱਚ ਯਾਦਵਿੰਦਰ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਆਗੂ ਜੀਵਨਜੋਤ ਸਿੰਘ ਚਾਹਲ ਉਰਫ਼ ਜੁਗਨੂੰ ਦੇ ਡਰਾਈਵਰ , ਦੇ ਕਤਲ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਆਈਜੀਪੀ ਨੇ ਦੱਸਿਆ ਕਿ ਦੋਸ਼ੀ ਅਜੈ ਸਿੰਘ ਅਤੇ ਪਵਨਦੀਪ ਸਿੰਘ ਵੀ ਦਵਿੰਦਰ ਬੰਬੀਹਾ ਗੈਂਗ ਦੇ ਮੁੱਖ ਕਾਰਕੁਨ ਹਨ, ਜਿਨ੍ਹਾਂ ਨੇ 2025 ਵਿੱਚ ਆਪਣੇ ਹੋਰ ਕਾਰਕੁਨਾਂ ਨੂੰ ਲੁਧਿਆਣਾ ਸ਼ਹਿਰ ਵਿੱਚ ਹੈਂਡ-ਗ੍ਰੇਨੇਡ ਧਮਾਕਾ ਕਰਨ ਦਾ ਕੰਮ ਸੌਂਪਿਆ ਸੀ। ਹਾਲਾਂਕਿ, ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ 27 ਅਕਤੂਬਰ, 2025 ਨੂੰ ਉਨ੍ਹਾਂ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਨਾਲ ਹਮਲਾ ਟਾਲ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੀਨ ਦਾ ਬਣਿਆ ਇੱਕ ਪੀ 86 ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਦੀ ਹਵਾਲਗੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਓ.ਐਫ.ਟੀ.ਈ.ਸੀ. ਦੀ ਸਥਾਪਨਾ ਕੀਤੀ ਹੈ ਤਾਂ ਜੋ ਅਜਿਹੇ ਮੁਲਜ਼ਮਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਪੰਜਾਬ ਵਾਪਸ ਲਿਆਂਦਾ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande