
ਖੁਈਆਂ ਸਰਵਰ ਵਿਖੇ 7.78 ਕਰੋੜ ਰੁਪਏ ਦੀ ਲਾਗਤ ਨਾਲ ਸਬ-ਸਰਫੇਸ ਡਰੇਨੇਜ ਦੇ ਦੋ ਪ੍ਰੋਜੈਕਟ ਮੁਕੰਮਲ; ਨਕੇਰੀਆ ਵਿਖੇ 6.91 ਕਰੋੜ ਦਾ ਪ੍ਰੋਜੈਕਟ ਪ੍ਰਗਤੀ ਅਧੀਨਫਾਜ਼ਿਲਕਾ, 20 ਅਗਸਤ (ਹਿੰ.ਸ.)| ਫਾਜ਼ਿਲਕਾ ਜ਼ਿਲ੍ਹੇ ਦੇ ਸੇਮ ਪ੍ਰਭਾਵਿਤ ਖੇਤਰਾਂ ਨੂੰ ਸਥਾਈ ਰਾਹਤ ਦੇਣ ਅਤੇ ਕਿਸਾਨਾਂ ਦੀ ਜ਼ਮੀਨ ਨੂੰ ਮੁੜ ਖੇਤੀਯੋਗ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਖੁਈਆਂ ਸਰਵਰ ਵਿਖੇ ਸਬ-ਸਰਫੇਸ ਡਰੇਨੇਜ ਸਿਸਟਮ ਦੇ ਦੋ ਪ੍ਰੋਜੈਕਟ ਮੁਕੰਮਲ ਹੋ ਗਏ ਹਨ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪਿੰਡ ਖੁਈਆਂ ਸਰਵਰ ਅਤੇ ਨਕੇਰੀਆ ਦਾ ਦੌਰਾ ਕਰਕੇ ਸੇਮ ਦੀ ਸਮੱਸਿਆ ਤੋਂ ਰਾਹਤ ਮਿਲਣ ’ਤੇ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਨੂੰ ਵਧਾਈ ਦਿੱਤੀ।ਖੁਈਆਂ ਸਰਵਰ ਵਿਖੇ ਪਹਿਲੇ ਪ੍ਰੋਜੈਕਟ ’ਤੇ 5.38 ਕਰੋੜ ਰੁਪਏ ਖਰਚ ਕਰਕੇ 327 ਏਕੜ ਰਕਬੇ ਵਿੱਚੋਂ ਸੇਮ ਦੀ ਸਮੱਸਿਆ ਦੂਰ ਕੀਤੀ ਗਈ ਹੈ। ਇਸੇ ਤਰ੍ਹਾਂ ਦੂਜੇ ਪ੍ਰੋਜੈਕਟ ਤਹਿਤ 2.40 ਕਰੋੜ ਰੁਪਏ ਦੀ ਲਾਗਤ ਨਾਲ 85 ਏਕੜ ਰਕਬਾ ਮੁੜ ਖੇਤੀਬਾੜੀ ਲਈ ਵਰਤੋਂਯੋਗ ਬਣਾਇਆ ਗਿਆ ਹੈ। ਇਸ ਤਰ੍ਹਾਂ ਦੋਵਾਂ ਪ੍ਰੋਜੈਕਟਾਂ ’ਤੇ ਕੁੱਲ 7.78 ਕਰੋੜ ਰੁਪਏ ਖਰਚ ਕਰਕੇ 412 ਏਕੜ ਜ਼ਮੀਨ ਨੂੰ ਸੇਮ ਤੋਂ ਮੁਕਤ ਕਰਕੇ ਖੇਤੀਯੋਗ ਬਣਾਇਆ ਗਿਆ ਹੈ। ਦੋਵਾਂ ਪ੍ਰੋਜੈਕਟਾਂ ਦਾ ਕੰਮ ਮਈ 2026 ਵਿੱਚ ਸ਼ੁਰੂ ਕੀਤਾ ਗਿਆ ਸੀ।ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸੇਮ ਦੀ ਸਮੱਸਿਆ ਫਾਜ਼ਿਲਕਾ ਦੇ ਕਿਸਾਨਾਂ ਲਈ ਲੰਮੇ ਸਮੇਂ ਤੋਂ ਗੰਭੀਰ ਚੁਣੌਤੀ ਬਣੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਇਸ ਦਾ ਆਰਜ਼ੀ ਹੱਲ ਕਰਨ ਦੀ ਬਜਾਏ ਵਿਗਿਆਨਕ ਅਤੇ ਸਥਾਈ ਹੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਬ-ਸਰਫੇਸ ਡਰੇਨੇਜ ਪ੍ਰਣਾਲੀ ਰਾਹੀਂ ਜ਼ਮੀਨ ਵਿੱਚੋਂ ਵਾਧੂ ਪਾਣੀ ਦੀ ਨਿਕਾਸੀ ਕਰਕੇ ਪ੍ਰਭਾਵਿਤ ਰਕਬੇ ਨੂੰ ਮੁੜ ਉਪਜਾਊ ਅਤੇ ਖੇਤੀਬਾੜੀ ਯੋਗ ਬਣਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਦੀ ਜ਼ਮੀਨ ਉਸਦੀ ਆਮਦਨ ਅਤੇ ਰੋਜ਼ੀ-ਰੋਟੀ ਦਾ ਮੁੱਖ ਆਧਾਰ ਹੈ। ਇਸ ਲਈ ਸੇਮ ਪ੍ਰਭਾਵਿਤ ਜ਼ਮੀਨ ਨੂੰ ਮੁੜ ਖੇਤੀਯੋਗ ਬਣਾਉਣਾ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਇਸ ਦੌਰਾਨ ਪਿੰਡ ਨਕੇਰੀਆ ਵਿਖੇ 6.91 ਕਰੋੜ ਰੁਪਏ ਦੀ ਲਾਗਤ ਨਾਲ ਸਬ-ਸਰਫੇਸ ਡਰੇਨੇਜ ਦਾ ਤੀਜਾ ਪ੍ਰੋਜੈਕਟ ਪ੍ਰਗਤੀ ਅਧੀਨ ਹੈ। ਮਈ 2026 ਵਿੱਚ ਸ਼ੁਰੂ ਹੋਏ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ 250 ਏਕੜ ਸੇਮ ਪ੍ਰਭਾਵਿਤ ਰਕਬੇ ਨੂੰ ਰਾਹਤ ਮਿਲਣ ਦੀ ਉਮੀਦ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਪੇਂਡੂ ਖੇਤਰਾਂ ਵਿੱਚ ਡਰੇਨੇਜ, ਸਿੰਚਾਈ, ਸੜਕਾਂ, ਪੀਣ ਵਾਲੇ ਪਾਣੀ, ਸਿਹਤ ਅਤੇ ਸਿੱਖਿਆ ਸਮੇਤ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH