ਚੰਨਣਖੇੜਾ ਤੇ ਬੱਲੂਆਣਾ ’ਚ ਨਹਿਰੀ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ, 25 ਹਜ਼ਾਰ ਏਕੜ ਰਕਬੇ ਨੂੰ ਮਿਲੇਗਾ ਲਾਭ
ਫਾਜ਼ਿਲਕਾ, 21 ਅਗਸਤ (ਹਿੰ.ਸ.)| ਭੂਮੀ ਅਤੇ ਪਾਣੀ ਸੰਭਾਲ, ਖਾਣਾਂ ਅਤੇ ਭੂ-ਵਿਗਿਆਨ ਮੰਤਰੀ ਪੰਜਾਬ ਬਰਿੰਦਰ ਗੋਇਲ ਨੇ ਹਲਕਾ ਬੱਲੂਆਣਾ ਦੇ ਪਿੰਡ ਚੰਨਣਖੇੜਾ ਅਤੇ ਬੱਲੂਆਣਾ ਵਿੱਚ ਕਿਸਾਨਾਂ ਨੂੰ ਬਿਹਤਰ ਨਹਿਰੀ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਵੇਂ ਮੋਗਿਆਂ ਅਤੇ ਖਾਲਾਂ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਉ
ਮੰਤਰੀ ਪੰਜਾਬ ਬਰਿੰਦਰ ਗੋਇਲ ਉਦਘਾਟਨ ਕਰਦੇ ਹੋਏ।


ਫਾਜ਼ਿਲਕਾ, 21 ਅਗਸਤ (ਹਿੰ.ਸ.)| ਭੂਮੀ ਅਤੇ ਪਾਣੀ ਸੰਭਾਲ, ਖਾਣਾਂ ਅਤੇ ਭੂ-ਵਿਗਿਆਨ ਮੰਤਰੀ ਪੰਜਾਬ ਬਰਿੰਦਰ ਗੋਇਲ ਨੇ ਹਲਕਾ ਬੱਲੂਆਣਾ ਦੇ ਪਿੰਡ ਚੰਨਣਖੇੜਾ ਅਤੇ ਬੱਲੂਆਣਾ ਵਿੱਚ ਕਿਸਾਨਾਂ ਨੂੰ ਬਿਹਤਰ ਨਹਿਰੀ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਵੇਂ ਮੋਗਿਆਂ ਅਤੇ ਖਾਲਾਂ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਮੌਜੂਦ ਸਨ।ਪਿੰਡ ਚੰਨਣਖੇੜਾ ਵਿੱਚ 21.46 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 90 ਕਿਲੋਮੀਟਰ ਲੰਬੀਆਂ ਖਾਲਾਂ ਦੀ ਉਸਾਰੀ ਕੀਤੀ ਗਈ ਹੈ। ਇਸ ਪ੍ਰਾਜੈਕਟ ਨਾਲ ਲਗਭਗ 23 ਹਜ਼ਾਰ ਏਕੜ ਖੇਤੀਬਾੜੀ ਰਕਬੇ ਨੂੰ ਨਹਿਰੀ ਸਿੰਚਾਈ ਦੀ ਸਹੂਲਤ ਮਿਲੇਗੀ। ਇਸੇ ਤਰ੍ਹਾਂ ਪਿੰਡ ਬੱਲੂਆਣਾ ਵਿੱਚ 2.68 ਕਰੋੜ ਰੁਪਏ ਦੀ ਲਾਗਤ ਨਾਲ ਖਾਲਾਂ ਦਾ ਵਿਸਥਾਰ ਕੀਤਾ ਗਿਆ ਹੈ। ਇਸ ਤਹਿਤ ਖਾਲਾਂ ਦੀ ਚੌੜਾਈ 4 ਇੰਚ ਤੋਂ ਵਧਾ ਕੇ 9 ਇੰਚ ਕੀਤੀ ਗਈ ਹੈ, ਜਿਸ ਨਾਲ 1,581 ਏਕੜ ਖੇਤੀਬਾੜੀ ਰਕਬੇ ਨੂੰ ਲਾਭ ਮਿਲਿਆ ਹੈ।ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਯਕੀਨੀ ਬਣਾਉਣ ਅਤੇ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਚੰਨਣਖੇੜਾ ਅਤੇ ਬੱਲੂਆਣਾ ਵਿੱਚ ਕੀਤੇ ਗਏ ਇਹ ਕੰਮ ਇਸੇ ਦਿਸ਼ਾ ਵਿੱਚ ਅਹਿਮ ਕਦਮ ਹਨ। ਇਨ੍ਹਾਂ ਨਾਲ ਕੁੱਲ ਕਰੀਬ 25 ਹਜ਼ਾਰ ਏਕੜ ਖੇਤੀਬਾੜੀ ਰਕਬੇ ਨੂੰ ਸਿੱਧਾ ਲਾਭ ਮਿਲੇਗਾ।ਉਨ੍ਹਾਂ ਕਿਹਾ ਕਿ ਖਾਲਾਂ ਦੀ ਸਮਰੱਥਾ ਵਧਣ ਅਤੇ ਨਵੇਂ ਮੋਗਿਆਂ ਦੀ ਉਸਾਰੀ ਨਾਲ ਖੇਤਾਂ ਤੱਕ ਨਹਿਰੀ ਪਾਣੀ ਦੀ ਵੰਡ ਹੋਰ ਸੁਚੱਜੀ ਅਤੇ ਪ੍ਰਭਾਵਸ਼ਾਲੀ ਹੋਵੇਗੀ। ਇਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਸਮੇਂ ਸਿਰ ਮਿਲੇਗਾ ਅਤੇ ਖੇਤੀਬਾੜੀ ਉਤਪਾਦਨ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ।ਸਿੰਚਾਈ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਨਹਿਰੀ ਪਾਣੀ ਦੀ ਬਰਾਬਰ ਅਤੇ ਸੁਚੱਜੀ ਵੰਡ ਯਕੀਨੀ ਬਣਾਉਣਾ ਹੈ। ਪੁਰਾਣੇ ਸਿੰਚਾਈ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋੜ ਅਨੁਸਾਰ ਨਵੀਆਂ ਖਾਲਾਂ, ਮੋਗਿਆਂ ਅਤੇ ਹੋਰ ਸਿੰਚਾਈ ਸਹੂਲਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਚੱਲ ਰਹੇ ਸਿੰਚਾਈ ਪ੍ਰਾਜੈਕਟ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਅਤੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ, ਤਾਂ ਜੋ ਕਿਸਾਨਾਂ ਨੂੰ ਸਰਕਾਰੀ ਪ੍ਰਾਜੈਕਟਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਇਸ ਮੌਕੇ ਇਲਾਕੇ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸਿੰਚਾਈ ਸਹੂਲਤਾਂ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਸਰਕਾਰ ਤੇ ਸਿੰਚਾਈ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਕੀਤਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande