ਚੰਡੀਗੜ੍ਹ ਸਮਾਰਟ ਸਿਟੀ ਘੋਟਾਲਾ: 7 ਮਹੀਨੇ ਤੋਂ ਫਰਾਰ ਅਕਾਊਂਟੈਂਟ ਨੇ ਕੀਤਾ ਸਰੰਡਰ
ਚੰਡੀਗੜ੍ਹ, 21 ਅਗਸਤ (ਹਿੰ.ਸ.)| ਚੰਡੀਗੜ੍ਹ ਸਮਾਰਟ ਸਿਟੀ ਘੋਟਾਲੇ ਵਿੱਚ ਪਿਛਲੇ ਕਰੀਬ 7 ਮਹੀਨਿਆਂ ਤੋਂ ਫਰਾਰ ਚੱਲ ਰਹੇ ਨਗਰ ਨਿਗਮ ਦੇ ਅਕਾਊਂਟੈਂਟ ਅਨੁਭਵ ਮਿਸ਼ਰਾ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸਰੰਡਰ ਕਰ ਦਿੱਤਾ। ਅਦਾਲਤ ਵਿੱਚ ਪਹੁੰਚਦੇ ਹੀ ਸੀਬੀਆਈ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਘੋਟਾਲ
ਚੰਡੀਗੜ੍ਹ ਸਮਾਰਟ ਸਿਟੀ ਘੋਟਾਲਾ: 7 ਮਹੀਨੇ ਤੋਂ ਫਰਾਰ ਅਕਾਊਂਟੈਂਟ ਨੇ ਕੀਤਾ ਸਰੰਡਰ


ਚੰਡੀਗੜ੍ਹ, 21 ਅਗਸਤ (ਹਿੰ.ਸ.)| ਚੰਡੀਗੜ੍ਹ ਸਮਾਰਟ ਸਿਟੀ ਘੋਟਾਲੇ ਵਿੱਚ ਪਿਛਲੇ ਕਰੀਬ 7 ਮਹੀਨਿਆਂ ਤੋਂ ਫਰਾਰ ਚੱਲ ਰਹੇ ਨਗਰ ਨਿਗਮ ਦੇ ਅਕਾਊਂਟੈਂਟ ਅਨੁਭਵ ਮਿਸ਼ਰਾ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸਰੰਡਰ ਕਰ ਦਿੱਤਾ। ਅਦਾਲਤ ਵਿੱਚ ਪਹੁੰਚਦੇ ਹੀ ਸੀਬੀਆਈ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਘੋਟਾਲੇ ਸਬੰਧੀ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸੀਬੀਆਈ ਦੀਆਂ ਦਲੀਲਾਂ ਮੰਨਦਿਆਂ ਅਨੁਭਵ ਮਿਸ਼ਰਾ ਨੂੰ 7 ਦਿਨਾਂ ਦੇ ਸੀਬੀਆਈ ਰਿਮਾਂਡ ’ਤੇ ਭੇਜ ਦਿੱਤਾ।ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਘੋਟਾਲੇ ਵਿੱਚ ਉਸ ਦੀ ਕਥਿਤ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਏਜੰਸੀ ਦੀ ਕਾਰਵਾਈ ਦੀ ਭਿਣਕ ਪੈਂਦੇ ਹੀ ਅਨੁਭਵ ਮਿਸ਼ਰਾ ਭਾਰਤ ਛੱਡ ਕੇ ਥਾਈਲੈਂਡ ਚਲਾ ਗਿਆ ਸੀ। ਜਾਂਚ ਸ਼ੁਰੂ ਹੋਣ ਤੋਂ ਬਾਅਦ ਉਸ ਨੂੰ ਕਈ ਵਾਰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤੇ ਗਏ, ਪਰ ਉਹ ਸੀਬੀਆਈ ਸਾਹਮਣੇ ਪੇਸ਼ ਨਹੀਂ ਹੋਇਆ। ਪਿਛਲੇ ਹਫ਼ਤੇ ਅਦਾਲਤ ਨੇ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ।ਸੀਬੀਆਈ ਦੇ ਵਕੀਲ ਨਰਿੰਦਰ ਸਿੰਘ ਨੇ ਅਦਾਲਤ ਵਿੱਚ ਕਿਹਾ ਕਿ ਅਨੁਭਵ ਮਿਸ਼ਰਾ ਤੋਂ ਘੋਟਾਲੇ ਵਿੱਚ ਉਸ ਦੀ ਭੂਮਿਕਾ ਦੇ ਨਾਲ-ਨਾਲ ਹੋਰ ਮੁਲਜ਼ਮਾਂ ਨਾਲ ਸੰਪਰਕ ਅਤੇ ਪੈਸਿਆਂ ਦੇ ਲੈਣ-ਦੇਣ ਬਾਰੇ ਪੁੱਛਗਿੱਛ ਕਰਨੀ ਹੈ। ਏਜੰਸੀ ਉਸ ਦੇ ਮੋਬਾਈਲ ਫੋਨ, ਵਟਸਐਪ ਚੈਟ, ਕਾਲ ਡਿਟੇਲ ਅਤੇ ਈ-ਮੇਲ ਦੀ ਜਾਂਚ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਬੈਂਕ ਖਾਤਿਆਂ ਅਤੇ ਕਥਿਤ ਜਾਅਲੀ ਐੱਫਡੀ ਨਾਲ ਜੁੜੇ ਦਸਤਾਵੇਜ਼ਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ।ਸੀਬੀਆਈ ਮੁਤਾਬਕ ਅਨੁਭਵ ਮਿਸ਼ਰਾ ਅਤੇ ਆਈਡੀਐਫਸੀ ਬੈਂਕ ਦੇ ਅਧਿਕਾਰੀ ਅਤੇ ਮਾਮਲੇ ਦੇ ਸਹਿ-ਮੁਲਜ਼ਮ ਅਭੈ ਕੁਮਾਰ ਵਿਚਕਾਰ ਲਗਾਤਾਰ ਗੱਲਬਾਤ ਹੁੰਦੀ ਰਹੀ ਸੀ। ਜਾਂਚ ਦੌਰਾਨ ਦੋਵਾਂ ਵਿਚਕਾਰ ਹੋਈਆਂ ਕਈ ਚੈਟ ਵੀ ਏਜੰਸੀ ਦੇ ਹੱਥ ਲੱਗੀਆਂ ਹਨ। ਮਿਸ਼ਰਾ ਦਾ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਸਮਾਰਟ ਸਿਟੀ ਦੇ ਬੈਂਕ ਖਾਤੇ ਨਾਲ ਜੁੜੀ ਹੋਣ ਦੀ ਗੱਲ ਵੀ ਸੀਬੀਆਈ ਨੇ ਅਦਾਲਤ ਵਿੱਚ ਕਹੀ।ਅਨੁਭਵ ਮਿਸ਼ਰਾ ਵੱਲੋਂ ਪੇਸ਼ ਹੋਏ ਬਚਾਅ ਪੱਖ ਦੇ ਵਕੀਲ ਨੇ ਸੀਬੀਆਈ ਦੇ ਦੋਸ਼ਾਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮਿਸ਼ਰਾ ਨਗਰ ਨਿਗਮ ਦਾ ਨਿਯਮਤ ਕਰਮਚਾਰੀ ਨਹੀਂ, ਸਗੋਂ ਆਊਟਸੋਰਸ ਕਰਮਚਾਰੀ ਸੀ ਅਤੇ ਉਸ ਨੂੰ ਘੋਟਾਲੇ ਦੀ ਪੂਰੀ ਜਾਣਕਾਰੀ ਨਹੀਂ ਸੀ। ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਮਾਮਲੇ ਵਿੱਚ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਤੇ ਦੋਸ਼ਾਂ ਨੂੰ ਸਾਬਤ ਕਰਨ ਲਈ ਸੀਬੀਆਈ ਕੋਲ ਕਾਫ਼ੀ ਆਧਾਰ ਨਹੀਂ ਹਨ। ਹਾਲਾਂਕਿ ਅਦਾਲਤ ਨੇ ਇਹ ਦਲੀਲਾਂ ਨਹੀਂ ਮੰਨੀਆਂ ਅਤੇ ਉਸ ਨੂੰ 7 ਦਿਨਾਂ ਦੇ ਸੀਬੀਆਈ ਰਿਮਾਂਡ ’ਤੇ ਭੇਜ ਦਿੱਤਾ।ਚੰਡੀਗੜ੍ਹ ਸਮਾਰਟ ਸਿਟੀ ਘੋਟਾਲਾ ਮਾਰਚ 2026 ਵਿੱਚ ਸਾਹਮਣੇ ਆਇਆ ਸੀ। ਦੋਸ਼ ਹੈ ਕਿ ਕਥਿਤ ਜਾਅਲੀ ਦਸਤਾਵੇਜ਼ ਤਿਆਰ ਕਰਕੇ ਆਈਡੀਐਫਸੀ ਬੈਂਕ ਵਿੱਚ ਸਮਾਰਟ ਸਿਟੀ ਪ੍ਰਾਜੈਕਟ ਦੇ ਨਾਮ ’ਤੇ ਜਮ੍ਹਾਂ ਵੱਡੀ ਰਕਮ ਨੂੰ ਗਲਤ ਤਰੀਕੇ ਨਾਲ ਕਢਵਾਇਆ ਗਿਆ। ਇਸ ਤੋਂ ਬਾਅਦ ਕਰੋੜਾਂ ਰੁਪਏ ਵੱਖ-ਵੱਖ ਖਾਤਿਆਂ ਅਤੇ ਕਥਿਤ ਸ਼ੈੱਲ ਕੰਪਨੀਆਂ ਵਿੱਚ ਟਰਾਂਸਫਰ ਕੀਤੇ ਗਏ। ਜਾਂਚ ਵਿੱਚ ਇਸ ਰਕਮ ਦੀ ਵਰਤੋਂ ਰੀਅਲ ਅਸਟੇਟ ਵਿੱਚ ਨਿਵੇਸ਼ ਲਈ ਕੀਤੇ ਜਾਣ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਸ਼ੁਰੂਆਤ ਵਿੱਚ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਕਰ ਰਹੀ ਸੀ, ਪਰ ਬਾਅਦ ਵਿੱਚ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ। ਹੁਣ ਸੀਬੀਆਈ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਦੀ 116.84 ਕਰੋੜ ਰੁਪਏ ਦੀ ਰਕਮ ਤੱਕ ਇੱਕ ਆਊਟਸੋਰਸ ਕਰਮਚਾਰੀ ਦੀ ਪਹੁੰਚ ਕਿਵੇਂ ਬਣੀ ਅਤੇ ਪੈਸਿਆਂ ਦੀ ਨਿਕਾਸੀ ਤੇ ਟਰਾਂਸਫਰ ਵਿੱਚ ਕਿਹੜੇ-ਕਿਹੜੇ ਲੋਕ ਸ਼ਾਮਲ ਸਨ।ਰਿਮਾਂਡ ਦੌਰਾਨ ਸੀਬੀਆਈ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਅਨੁਭਵ ਮਿਸ਼ਰਾ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਥਾਈਲੈਂਡ ਕਦੋਂ ਗਿਆ, ਉੱਥੇ ਕਿਸ ਦੇ ਸੰਪਰਕ ਵਿੱਚ ਰਿਹਾ ਅਤੇ ਵਿਦੇਸ਼ ਜਾਣ ਦੀ ਵਿਵਸਥਾ ਕਿਸ ਨੇ ਕੀਤੀ। ਏਜੰਸੀ ਇਹ ਵੀ ਜਾਂਚੇਗੀ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਉਸ ਦਾ ਮਾਮਲੇ ਨਾਲ ਜੁੜੇ ਹੋਰ ਮੁਲਜ਼ਮਾਂ ਨਾਲ ਸੰਪਰਕ ਬਣਿਆ ਰਿਹਾ ਜਾਂ ਨਹੀਂ। ਸੀਬੀਆਈ ਅਨੁਸਾਰ ਮਿਸ਼ਰਾ ਦਾ ਸਰੰਡਰ ਜਾਂਚ ਵਿੱਚ ਇੱਕ ਅਹਿਮ ਕੜੀ ਸਾਬਤ ਹੋ ਸਕਦਾ ਹੈ। ਸੱਤ ਦਿਨਾਂ ਦੇ ਰਿਮਾਂਡ ਦੌਰਾਨ ਉਸ ਤੋਂ ਘੋਟਾਲੇ ਦੀ ਰਕਮ, ਬੈਂਕ ਖਾਤਿਆਂ, ਕਥਿਤ ਜਾਅਲੀ ਐੱਫਡੀ, ਡਿਜੀਟਲ ਗੱਲਬਾਤ ਅਤੇ ਹੋਰ ਮੁਲਜ਼ਮਾਂ ਨਾਲ ਕਥਿਤ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande