
ਫਰੀਦਕੋਟ, 21 ਅਗਸਤ (ਹਿੰ.ਸ.)| ਪ੍ਰੈਗਾਬਾਲਿਨ ਦਵਾਈ ਦੀ ਦੁਰਵਰਤੋਂ ਨੂੰ ਰੋਕਣ ਅਤੇ ਨਸ਼ਿਆਂ ਦੀ ਵਿਕਰੀ ਖ਼ਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਰਾਹੁਲ ਚਾਬਾ, ਆਈ.ਏ.ਐੱਸ. ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਜਾਰੀ ਇਹ ਹੁਕਮ 3 ਅਕਤੂਬਰ 2026 ਤੱਕ ਲਾਗੂ ਰਹਿਣਗੇ।
ਹੁਕਮਾਂ ਤਹਿਤ ਜ਼ਿਲ੍ਹਾ ਫਰੀਦਕੋਟ ਵਿੱਚ 75 ਐਮ.ਜੀ. ਤੋਂ ਵੱਧ ਮਾਤਰਾ ਵਾਲੀ ਪ੍ਰੈਗਾਬਾਲਿਨ ਦੀਆਂ ਗੋਲੀਆਂ ਜਾਂ ਕੈਪਸੂਲਾਂ ਦੇ ਭੰਡਾਰਨ ਅਤੇ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤਹਿਤ ਖਾਸ ਤੌਰ ’ਤੇ ਵੱਧ ਮਾਤਰਾ ਵਾਲੀਆਂ ਪ੍ਰੈਗਾਬਾਲਿਨ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣ ’ਤੇ ਜ਼ੋਰ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਕਿ 75 ਐਮ.ਜੀ. ਤੱਕ ਦੀ ਪ੍ਰੈਗਾਬਾਲਿਨ ਵੀ ਸਿਰਫ਼ ਯੋਗ ਡਾਕਟਰ ਦੀ ਅਸਲ ਪਰਚੀ ਦੇ ਆਧਾਰ ’ਤੇ ਹੀ ਵੇਚੀ ਜਾ ਸਕੇਗੀ। ਥੋਕ ਅਤੇ ਪ੍ਰਚੂਨ ਦਵਾਈ ਵਿਕਰੇਤਾਵਾਂ, ਮੈਡੀਕਲ ਸਟੋਰ ਮਾਲਕਾਂ ਅਤੇ ਹਸਪਤਾਲਾਂ ਅੰਦਰ ਚੱਲ ਰਹੀਆਂ ਦਵਾਈਆਂ ਦੀਆਂ ਦੁਕਾਨਾਂ ਲਈ ਦਵਾਈ ਦੀ ਖਰੀਦ ਅਤੇ ਵਿਕਰੀ ਦਾ ਪੂਰਾ ਰਿਕਾਰਡ ਰੱਖਣਾ ਲਾਜ਼ਮੀ ਕੀਤਾ ਗਿਆ ਹੈ।
ਦਵਾਈ ਵੇਚਣ ਸਮੇਂ ਅਸਲ ਡਾਕਟਰੀ ਪਰਚੀ ’ਤੇ ਦਵਾਈ ਵਿਕਰੇਤਾ ਦਾ ਨਾਮ, ਦਵਾਈ ਦੇਣ ਦੀ ਮਿਤੀ ਅਤੇ ਦਿੱਤੀਆਂ ਗਈਆਂ ਗੋਲੀਆਂ ਜਾਂ ਕੈਪਸੂਲਾਂ ਦੀ ਗਿਣਤੀ ਦਰਸਾਉਂਦੀ ਮੋਹਰ ਲਗਾਉਣੀ ਹੋਵੇਗੀ। ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਉਸੇ ਪਰਚੀ ’ਤੇ ਕਿਸੇ ਹੋਰ ਦਵਾਈ ਵਿਕਰੇਤਾ ਵੱਲੋਂ ਪਹਿਲਾਂ ਦਵਾਈ ਨਾ ਦਿੱਤੀ ਗਈ ਹੋਵੇ। ਡਾਕਟਰ ਵੱਲੋਂ ਨਿਰਧਾਰਤ ਮਿਆਦ ਤੋਂ ਵੱਧ ਮਾਤਰਾ ਵਿੱਚ ਦਵਾਈ ਦੇਣ ’ਤੇ ਵੀ ਰੋਕ ਰਹੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਪ੍ਰੈਗਾਬਾਲਿਨ ਦੀ ਆਸਾਨ ਉਪਲਬਧਤਾ ਅਤੇ ਇਸ ਦੀ ਨਸ਼ੇ ਵਜੋਂ ਹੋ ਰਹੀ ਕਥਿਤ ਦੁਰਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸਿਵਲ ਸਰਜਨ ਫਰੀਦਕੋਟ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ। ਕਮੇਟੀ ਨੇ ਆਪਣੀ ਰਿਪੋਰਟ ਵਿੱਚ 75 ਐਮ.ਜੀ. ਤੋਂ ਵੱਧ, ਖਾਸ ਕਰਕੇ 300 ਐਮ.ਜੀ. ਦੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਦੁਰਵਰਤੋਂ ’ਤੇ ਚਿੰਤਾ ਜ਼ਾਹਰ ਕੀਤੀ ਸੀ।
ਭਾਰਤੀ ਮੈਡੀਕਲ ਸੰਸਥਾ ਅਤੇ ਫਰੀਦਕੋਟ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦੌਰਾਨ ਵੀ ਦਵਾਈ ਦੀ ਦੁਰਵਰਤੋਂ ਦੀ ਗੱਲ ਸਾਹਮਣੇ ਆਈ। ਨੁਮਾਇੰਦਿਆਂ ਨੇ ਇਸ ਦੀ ਵਿਕਰੀ ਨੂੰ ਸਖ਼ਤੀ ਨਾਲ ਨਿਯਮਤ ਕਰਨ ਦੀ ਸਿਫ਼ਾਰਸ਼ ਕੀਤੀ ਸੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਹੁਕਮਾਂ ਦਾ ਮਕਸਦ ਜਾਇਜ਼ ਮਰੀਜ਼ਾਂ ਲਈ ਲੋੜੀਂਦੀ ਦਵਾਈ ਦੀ ਉਪਲਬਧਤਾ ਰੋਕਣਾ ਨਹੀਂ, ਸਗੋਂ ਇਸ ਦੀ ਗਲਤ ਵਰਤੋਂ ਨੂੰ ਨੱਥ ਪਾਉਣਾ ਹੈ। ਵੱਧ ਮਾਤਰਾ ਵਾਲੀ ਪ੍ਰੈਗਾਬਾਲਿਨ ਦੀ ਜਾਇਜ਼ ਲੋੜ ਵਾਲੇ ਮਰੀਜ਼ਾਂ ਲਈ ਸਿਵਲ ਹਸਪਤਾਲ ਫਰੀਦਕੋਟ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਦਵਾਈ ਕੇਂਦਰ ਨੂੰ ਸੀਮਤ ਛੋਟ ਦਿੱਤੀ ਗਈ ਹੈ।
ਉਨ੍ਹਾਂ ਸਮੂਹ ਦਵਾਈ ਵਿਕਰੇਤਾਵਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਲੋਕਾਂ ਨੂੰ ਦਵਾਈ ਸਿਰਫ਼ ਯੋਗ ਡਾਕਟਰ ਦੀ ਸਲਾਹ ਤੇ ਪਰਚੀ ਅਨੁਸਾਰ ਹੀ ਵਰਤਣ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH