
ਮੋਹਾਲੀ, 21 ਅਗਸਤ (ਹਿੰ.ਸ.)| ਜ਼ੀਰਕਪੁਰ ਵਿੱਚ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਇੱਕ ਬਿਲਡਰ ਦੇ ਦਫ਼ਤਰ ’ਤੇ ਦੋ ਹਥਿਆਰਬੰਦ ਬਦਮਾਸ਼ਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਦੋਵੇਂ ਮੁਲਜ਼ਮ ਬਾਈਕ ’ਤੇ ਸਵਾਰ ਹੋ ਕੇ ਪ੍ਰਾਜੈਕਟ ਦੇ ਗੇਟ ’ਤੇ ਪਹੁੰਚੇ ਅਤੇ ਕਰੀਬ ਤਿੰਨ ਰਾਊਂਡ ਫਾਇਰ ਕੀਤੇ। ਵਾਰਦਾਤ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ, ਬਦਮਾਸ਼ਾਂ ਵਿੱਚੋਂ ਇੱਕ ਬਾਈਕ ਤੋਂ ਹੇਠਾਂ ਉਤਰਿਆ ਅਤੇ ਉਸ ਨੇ ਗੇਟ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਵੇਂ ਬਾਈਕ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਦਿਨ-ਦਿਹਾੜੇ ਹੋਈ ਫਾਇਰਿੰਗ ਕਾਰਨ ਇਲਾਕੇ ਵਿੱਚ ਦਹਿਸ਼ਤ ਅਤੇ ਹੜਕੰਪ ਮਚ ਗਿਆ।ਬਿਲਡਰ ਅਮਿਤ ਦੁਆ ਦੇ ਮੁਤਾਬਕ, ਉਨ੍ਹਾਂ ਨੂੰ ਪਿਛਲੇ ਕਰੀਬ ਇੱਕ ਸਾਲ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਇੰਨਾ ਹੀ ਨਹੀਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵਟਸਐਪ ਕਾਲਾਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਫਾਇਰਿੰਗ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰਾਂ ਦੀਆਂ ਗਤੀਵਿਧੀਆਂ ਕੈਦ ਹੋਈਆਂ ਹਨ। ਪੁਲਿਸ ਵੱਲੋਂ ਆਸ-ਪਾਸ ਲੱਗੇ ਹੋਰ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਿਆ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਫਾਇਰਿੰਗ ਦੇ ਪਿੱਛੇ ਧਮਕੀ, ਪ੍ਰਾਪਰਟੀ ਵਿਵਾਦ ਜਾਂ ਕਿਸੇ ਹੋਰ ਕਾਰਨ ਦੀ ਵੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH