
ਲੁਧਿਆਣਾ,21 ਅਗਸਤ (ਹਿੰ.ਸ.)। ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਅਤੇ ਬਹਾਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਪ੍ਰੋਗਰਾਮ ‘ਸਵਸਥ ਸਮਾਜ’ ਤਹਿਤ ਅੱਜ ‘ਸਿਹਤ ਸੇਵਿਕਾ’ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਪਹਿਲਕਦਮੀ ਦਾ ਉਦੇਸ਼ ਲੋੜਵੰਦ ਲੋਕਾਂ ਤੱਕ ਮੁੱਢਲੀਆਂ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣਾ ਅਤੇ ਸਿਹਤ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਹੈ।
ਇਸ ਪ੍ਰੋਜੈਕਟ ਤਹਿਤ 50 ਸਿਹਤ ਸੇਵਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਪ੍ਰਾਪਤ ਸਿਹਤ ਸੇਵਕਾਂ ਨੂੰ ਮਰੀਜ਼ਾਂ ਦੀ ਮੁੱਢਲੀ ਜਾਂਚ ਅਤੇ ਸਿਹਤ ਸਬੰਧੀ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਡਾਕਟਰੀ ਉਪਕਰਣਾਂ ਨਾਲ ਲੈਸ ਮੁਫ਼ਤ ਮੈਡੀਕਲ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਪ੍ਰੋਜੈਕਟ ਨੂੰ ਵਰਧਮਾਨ ਸਟੀਲਜ਼ ਲੁਧਿਆਣਾ ਵੱਲੋਂ 9 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਆਈ.ਏ.ਐਸ. ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਚੇਅਰਮੈਨ ਸਚਿਤ ਜੈਨ ਅਤੇ ਸੌਮਿਆ ਜੈਨ ਦੀ ਅਗਵਾਈ ਹੇਠ ਲੋੜਵੰਦ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਸਿਹਤ ਸੇਵਿਕਾ’ ਵਰਗੀਆਂ ਪਹਿਲਕਦਮੀਆਂ ਲੋਕਾਂ ਨੂੰ ਸਮੇਂ ਸਿਰ ਮੁੱਢਲੀ ਸਿਹਤ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਸਿਖਲਾਈ ਪ੍ਰਾਪਤ ਸਿਹਤ ਸੇਵਕਾਂ ਲਈ ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨ ਵਿੱਚ ਵੀ ਸਹਾਇਕ ਸਾਬਤ ਹੋਣਗੀਆਂ।
ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਸੀ.ਐਸ.ਆਰ. ਮੁਖੀ ਅਮਿਤ ਧਵਨ ਨੇ ਦੱਸਿਆ ਕਿ ਕੰਪਨੀ ਵੱਲੋਂ ਸਮਾਜ ਦੇ ਲੋੜਵੰਦ ਵਰਗਾਂ ਦੀ ਸਿਹਤ ਸੰਭਾਲ ਲਈ ਲਗਾਤਾਰ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਅੱਖਾਂ ਦੇ ਮੋਤੀਆਬਿੰਦ ਦੀਆਂ ਮੁਫ਼ਤ ਸਰਜਰੀਆਂ, ਮਹਿਲਾਵਾਂ ਲਈ ਮੁਫ਼ਤ ਮਾਹਵਾਰੀ ਸਿਹਤ ਸਹਾਇਤਾ, ਨਕਲੀ ਅੰਗ ਮੁਹੱਈਆ ਕਰਵਾਉਣ ਸਮੇਤ ਹੋਰ ਸਿਹਤ ਸੰਭਾਲ ਪ੍ਰੋਗਰਾਮ ਸ਼ਾਮਲ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸੀ.ਐਸ.ਆਰ. ਮੁਖੀ ਅਮਿਤ ਧਵਨ ਦੀ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਹਰ ਸੀ.ਐਸ.ਆਰ. ਪਹਿਲਕਦਮੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਤੱਕ ਸਿਹਤ ਸੇਵਾਵਾਂ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਈਆਂ ਜਾ ਸਕਦੀਆਂ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ