
ਮੋਹਾਲੀ, 21 ਅਗਸਤ (ਹਿੰ.ਸ.)| ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਵੱਲੋਂ ਭਗੌੜੇ ਅਪਰਾਧੀਆਂ (ਪੀ.ਓ.) ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ 1 ਜੂਨ 2025 ਤੋਂ 20 ਅਗਸਤ 2026 ਤੱਕ ਕੁੱਲ 302 ਭਗੌੜਿਆਂ ਸਬੰਧੀ ਕਾਰਵਾਈ ਕਰਦਿਆਂ 200 ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ 102 ਮਾਮਲਿਆਂ ਵਿੱਚ ਤਸਦੀਕ ਤੋਂ ਬਾਅਦ ਸਬੰਧਤ ਵਿਅਕਤੀਆਂ ਦੇ ਨਾਮ ਪੀ.ਓ. ਸੂਚੀ ਵਿੱਚੋਂ ਹਟਾਏ ਗਏ ਹਨ। ਐੱਸ.ਪੀ. (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ ਇਹ ਕਾਰਵਾਈ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਇਸ ਲਈ ਪੀ.ਓ. ਸਟਾਫ਼ ਅਤੇ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਟੀਮਾਂ ਨੂੰ ਸਰਗਰਮ ਕੀਤਾ ਗਿਆ ਸੀ। ਇਹ ਸਾਰੀ ਕਾਰਵਾਈ ਉਪ ਕਪਤਾਨ ਪੁਲਿਸ (ਕਰਾਈਮ ਅਗੇਂਸਟ ਵੂਮੈਨ ਐਂਡ ਚਾਈਲਡ) ਅਜੀਤਪਾਲ ਸਿੰਘ ਦੀ ਨਿਗਰਾਨੀ ਹੇਠ ਸਾਂਝੇ ਤੌਰ ’ਤੇ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਪੁਲਿਸ ਟੀਮਾਂ ਵੱਲੋਂ ਭਗੌੜੇ ਅਪਰਾਧੀਆਂ ਦੀ ਪਛਾਣ, ਟਰੇਸਿੰਗ ਅਤੇ ਗ੍ਰਿਫ਼ਤਾਰੀ ਲਈ ਲਗਾਤਾਰ ਕਾਰਵਾਈ ਕੀਤੀ ਗਈ। ਕੁੱਲ 302 ਮਾਮਲਿਆਂ ਵਿੱਚੋਂ 200 ਭਗੌੜਿਆਂ ਨੂੰ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ 22 ਮਾਮਲਿਆਂ ਵਿੱਚ ਸਬੰਧਤ ਕੇਸਾਂ ਵਿੱਚ ਸਜ਼ਾ, ਬਰੀ ਹੋਣ ਜਾਂ ਕੇਸ ਰੱਦ ਹੋਣ ਦੀ ਤਸਦੀਕ ਤੋਂ ਬਾਅਦ ਵਿਅਕਤੀਆਂ ਦੇ ਨਾਮ ਪੀ.ਓ. ਸੂਚੀ ਵਿੱਚੋਂ ਹਟਾਏ ਗਏ। ਇਸੇ ਤਰ੍ਹਾਂ 80 ਭਗੌੜਿਆਂ ਦੀ ਮੌਤ ਹੋਣ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਦੇ ਨਾਮ ਵੀ ਸੂਚੀ ਵਿੱਚੋਂ ਖਾਰਜ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਭਗੌੜਿਆਂ ਵਿੱਚੋਂ 8 ਸੰਗੀਨ ਅਪਰਾਧਾਂ ਨਾਲ ਸਬੰਧਤ ਸਨ, ਜਦਕਿ 13 ਵਿਅਕਤੀ ਚੈੱਕ ਬਾਊਂਸ ਦੇ ਮਾਮਲਿਆਂ ਵਿੱਚ ਲੋੜੀਂਦੇ ਸਨ।
ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਭਗੌੜੇ ਅਪਰਾਧੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਭਗੌੜਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਸਰਗਰਮ ਹਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH