
ਅੰਮ੍ਰਿਤਸਰ, 21 ਅਗਸਤ (ਹਿੰ.ਸ.)| ਹਲਕਾ ਅਜਨਾਲਾ ਅਧੀਨ ਪੈਂਦੇ ਪਿੰਡ ਗੱਗੋਮਾਹਲ ਦੇ ਇੱਕ ਪੰਜਾਬੀ ਨੌਜਵਾਨ ਦੀ ਜਰਮਨ ਵਿੱਚ ਭੇਤਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ। ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਜਾਣਕਾਰੀ ਅਨੁਸਾਰ ਗੁਰਸਾਹਿਬ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਅਤੇ ਪਰਿਵਾਰ ਦੇ ਬਿਹਤਰ ਭਵਿੱਖ ਦੀ ਆਸ ਨਾਲ ਜਰਮਨ ਗਿਆ ਸੀ। ਉੱਥੇ ਉਸ ਦੀ ਅਚਾਨਕ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਕਰੀਬ 9 ਵਜੇ ਅਤੇ ਦੁਪਹਿਰ 1:30 ਵਜੇ ਉਨ੍ਹਾਂ ਦੀ ਆਪਣੇ ਪੁੱਤਰ ਗੁਰਸਾਹਿਬ ਸਿੰਘ ਨਾਲ ਫੋਨ ’ਤੇ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਰਾਤ ਸਮੇਂ ਪਰਿਵਾਰ ਨੂੰ ਉਸ ਦੀ ਮੌਤ ਦੀ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਗੁਰਸਾਹਿਬ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਗੁਰਸਾਹਿਬ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਪੰਜਾਬ ਲਿਆਂਦੀ ਜਾਵੇ, ਤਾਂ ਜੋ ਪਰਿਵਾਰ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰ ਸਕੇ।ਪਰਿਵਾਰਕ ਮੈਂਬਰਾਂ ਨੇ ਗੁਰਸਾਹਿਬ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਜੇਕਰ ਮਾਮਲੇ ਵਿੱਚ ਕੋਈ ਸ਼ੱਕੀ ਪੱਖ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇ। ਫਿਲਹਾਲ ਪਰਿਵਾਰ ਵੱਲੋਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਨੌਜਵਾਨ ਦੀ ਮੌਤ ਨਾਲ ਪਿੰਡ ਗੱਗੋਮਾਹਲ ਵਿੱਚ ਵੀ ਸੋਗ ਦਾ ਮਾਹੌਲ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH