
ਚੰਡੀਗੜ੍ਹ, 21 ਅਗਸਤ (ਹਿੰ.ਸ.)| ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਰੰਧਾਵਾ ਨੇ ਕਿਹਾ ਕਿ ਜੇਕਰ ਗੰਨੇ ਨੂੰ ਵੱਡੇ ਪੱਧਰ ’ਤੇ ਈਥਾਨੌਲ ਉਤਪਾਦਨ ਵੱਲ ਮੋੜਨ ਕਾਰਨ ਖੰਡ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ ਅਤੇ ਸਿਰਫ਼ 17 ਦਿਨਾਂ ਵਿੱਚ ਖੰਡ ਦੀ ਕੀਮਤ ਵਿੱਚ ਕਰੀਬ 20 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ ਤਾਂ ਕੇਂਦਰ ਸਰਕਾਰ ਨੂੰ ਇਸ ਬਾਰੇ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਈਥਾਨੌਲ-ਮਿਸ਼ਰਿਤ ਪੈਟਰੋਲ ਨੂੰ ਵਿਦੇਸ਼ੀ ਮੁਦਰਾ ਦੀ ਬੱਚਤ ਲਈ ਇੱਕ ਵੱਡੇ ਹੱਲ ਵਜੋਂ ਪੇਸ਼ ਕੀਤਾ ਸੀ। ਪਰ ਹੁਣ ਸਥਿਤੀ ਇਹ ਬਣ ਗਈ ਹੈ ਕਿ ਦੇਸ਼ ਵਿੱਚ ਖੰਡ ਦੀ ਦਰਾਮਦ ਕਰਨ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਸਰਕਾਰੀ ਨੀਤੀ ਕਾਰਨ ਦੂਜੀ ਜ਼ਰੂਰੀ ਵਸਤੂ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਹ ਗੰਭੀਰ ਨੀਤੀਗਤ ਖਾਮੀ ਨੂੰ ਦਰਸਾਉਂਦਾ ਹੈ।ਰੰਧਾਵਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੰਡ ਉਤਪਾਦਨ ’ਤੇ ਈਥਾਨੌਲ ਨੀਤੀ ਦੇ ਪ੍ਰਭਾਵ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੌਜੂਦਾ ਖੰਡ ਸਟਾਕ ਦੀ ਅਸਲ ਸਥਿਤੀ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਠੋਸ ਕਦਮਾਂ ਬਾਰੇ ਵੀ ਸਪੱਸ਼ਟੀਕਰਨ ਮੰਗਿਆ।ਉਨ੍ਹਾਂ ਕਿਹਾ ਕਿ ਆਮ ਪਰਿਵਾਰ ਪਹਿਲਾਂ ਹੀ ਰਸੋਈ ਗੈਸ, ਖਾਣ ਵਾਲੇ ਤੇਲ, ਦਾਲਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਆਰਥਿਕ ਦਬਾਅ ਹੇਠ ਹਨ। ਹੁਣ ਖੰਡ ਵਰਗੀ ਰੋਜ਼ਾਨਾ ਵਰਤੋਂ ਦੀ ਜ਼ਰੂਰੀ ਵਸਤੂ ਮਹਿੰਗੀ ਹੋਣ ਨਾਲ ਹਰ ਪਰਿਵਾਰ ਦੇ ਰਸੋਈ ਬਜਟ ’ਤੇ ਸਿੱਧਾ ਅਸਰ ਪਵੇਗਾ। ਰੰਧਾਵਾ ਨੇ ਕਿਹਾ ਕਿ ਮਹਿੰਗਾਈ ਦਾ ਬੋਝ ਆਮ ਲੋਕਾਂ ’ਤੇ ਪਾਉਣਾ ਕਿਸੇ ਵੀ ਜ਼ਿੰਮੇਵਾਰ ਸਰਕਾਰ ਲਈ ਉਚਿਤ ਨਹੀਂ ਹੈ ਅਤੇ ਕੇਂਦਰ ਨੂੰ ਖੰਡ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH