ਸਪੀਕਰ ਸੰਧਵਾਂ ਨੇ ਕੋਟਸੁਖੀਆ ਕਬੱਡੀ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ, ਕੋਟਸੁਖੀਆ ਨੇ ਜਿੱਤੇ ਤਿੰਨੇ ਕੱਪ
ਕੋਟਕਪੂਰਾ, 21 ਅਗਸਤ (ਹਿੰ.ਸ.)| ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀਰਵਾਰ ਦੇਰ ਰਾਤ ਪਿੰਡ ਕੋਟਸੁਖੀਆ ਵਿਖੇ ਕਰਵਾਏ ਗਏ ਕਬੱਡੀ ਖੇਡ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕ
ਸੰਬੋਧਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ।


ਕੋਟਕਪੂਰਾ, 21 ਅਗਸਤ (ਹਿੰ.ਸ.)| ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀਰਵਾਰ ਦੇਰ ਰਾਤ ਪਿੰਡ ਕੋਟਸੁਖੀਆ ਵਿਖੇ ਕਰਵਾਏ ਗਏ ਕਬੱਡੀ ਖੇਡ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੁਸਾਇਟੀ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ।

ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਸਿਹਤਮੰਦ ਜੀਵਨ ਸ਼ੈਲੀ ਅਤੇ ਟੀਮ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਟੂਰਨਾਮੈਂਟ ਦੌਰਾਨ ਕੋਟਸੁਖੀਆ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫੁੱਟਬਾਲ, 75 ਕਿਲੋ ਕਬੱਡੀ ਅਤੇ ਓਪਨ ਕਬੱਡੀ ਦੇ ਤਿੰਨੇ ਮੁਕਾਬਲੇ ਜਿੱਤ ਕੇ ਤਿੰਨੇ ਕੱਪ ਆਪਣੇ ਨਾਮ ਕੀਤੇ।

ਫੁੱਟਬਾਲ ਮੁਕਾਬਲੇ ਵਿੱਚ ਕੋਟਸੁਖੀਆ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਘੋਲੀਆ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 75 ਕਿਲੋ ਕਬੱਡੀ ਵਿੱਚ ਕੋਟਸੁਖੀਆ ਨੇ ਪਹਿਲਾ ਅਤੇ ਥਰਾਜ, ਹਰਿਆਣਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਓਪਨ ਕਬੱਡੀ ਵਿੱਚ ਵੀ ਕੋਟਸੁਖੀਆ ਦੀ ਟੀਮ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਘੋਲੀਆ ਦੀ ਟੀਮ ਦੂਜੇ ਸਥਾਨ ’ਤੇ ਰਹੀ।

ਸਪੀਕਰ ਸੰਧਵਾਂ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਅਜਿਹੇ ਖੇਡ ਮੁਕਾਬਲੇ ਕਰਵਾਉਣ ਨਾਲ ਨੌਜਵਾਨ ਪ੍ਰਤਿਭਾ ਨੂੰ ਅੱਗੇ ਆਉਣ ਦੇ ਮੌਕੇ ਮਿਲਦੇ ਹਨ। ਇਸ ਮੌਕੇ ਬਲਰਾਜ ਸਿੰਘ ਸਰਪੰਚ, ਗੁਰਦਾਵਰ ਸਿੰਘ, ਲਖਵਿੰਦਰ, ਗੁਰਵਿੰਦਰ, ਰਣਜੀਤ, ਹਰਦੀਪ, ਭਿੰਦਰ, ਯਾਦਵਿੰਦਰ, ਕੁਲਦੀਪ, ਹਰਭਜਨ, ਗੁਰਮੀਤ ਅਤੇ ਬਿੱਟੂ ਚੀਨਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande