
ਕਪੂਰਥਲਾ, 23 ਅਗਸਤ (ਹਿੰ.ਸ.)| ਕਪੂਰਥਲਾ ਜ਼ਿਲ੍ਹੇ ਦੇ ਬੇਗੋਵਾਲ ਕਸਬੇ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ 28 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰਦੀਪ ਸਿੰਘ ਕਰੀਬ 10 ਸਾਲ ਪਹਿਲਾਂ ਬਿਹਤਰ ਭਵਿੱਖ ਦੀ ਭਾਲ ਵਿੱਚ ਅਮਰੀਕਾ ਗਿਆ ਸੀ। 22 ਅਗਸਤ ਨੂੰ ਨਿਊਯਾਰਕ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਨਿਊਯਾਰਕ ਦੀ ਰਿਚਮੰਡ ਸਟਰੀਟ ’ਤੇ ਪਿਜ਼ਾ ਡਿਲਿਵਰੀ ਦਾ ਕੰਮ ਕਰਨ ਲਈ ਜਾ ਰਿਹਾ ਸੀ। ਇਸ ਦੌਰਾਨ ਕੁਝ ਹਥਿਆਰਬੰਦ ਬਦਮਾਸ਼ਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਗੁਰਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਮੁਤਾਬਕ ਅਮਰੀਕਾ ਜਾਣ ਤੋਂ ਬਾਅਦ ਗੁਰਦੀਪ ਸਿੰਘ ਨੂੰ ਸ਼ੁਰੂਆਤੀ ਦੌਰ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੇ ਪਿਤਾ ਪਿਆਰਾ ਲਾਲ ਨੇ ਕਰੀਬ 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਗੁਰਦੀਪ ਨੇ ਵੀ ਹਿੰਮਤ ਨਹੀਂ ਹਾਰੀ ਅਤੇ ਮਿਹਨਤ ਕਰਦਾ ਰਿਹਾ। ਉਹ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਅਤੇ ਉਨ੍ਹਾਂ ਨੂੰ ਬਿਹਤਰ ਜੀਵਨ ਦੇਣ ਲਈ ਦਿਨ-ਰਾਤ ਕੰਮ ਕਰ ਰਿਹਾ ਸੀ।ਪਰਿਵਾਰ ਨੇ ਦੱਸਿਆ ਕਿ ਗੁਰਦੀਪ ਸਿੰਘ ਅਣਵਿਆਹਿਆ ਸੀ। ਪਿੰਡ ਵਿੱਚ ਉਸ ਦਾ ਪਰਿਵਾਰ ਡੀਜੇ ਦਾ ਕੰਮ ਕਰਦਾ ਹੈ। ਪਰਿਵਾਰ ਨੂੰ ਉਮੀਦ ਸੀ ਕਿ ਗੁਰਦੀਪ ਵਿਦੇਸ਼ ਵਿੱਚ ਮਿਹਨਤ ਕਰਕੇ ਪਰਿਵਾਰ ਦੇ ਸੁਪਨੇ ਪੂਰੇ ਕਰੇਗਾ, ਪਰ ਉਸ ਦੀ ਹੱਤਿਆ ਦੀ ਖ਼ਬਰ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।ਗੁਰਦੀਪ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੀ ਮਦਦ ਕੀਤੀ ਜਾਵੇ। ਪਰਿਵਾਰ ਨੇ ਅਮਰੀਕੀ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਹੱਤਿਆ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਵੀ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਅਤੇ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH