ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅੱਖਾਂ ਦਾਨ ਦੇ ਨੇਕ ਕਾਰਜ ਲਈ ਅੱਗੇ ਆਉਣ ਦੀ ਕੀਤੀ ਅਪੀਲ
ਚੰਡੀਗੜ੍ਹ, 24 ਅਗਸਤ (ਹਿੰ.ਸ.)| ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਖਾਂ ਦਾ ਦਾਨ ਕਿਸੇ ਨੇਤਰਹੀਣ ਵਿਅਕਤੀ ਨੂੰ ਨਜ਼ਰ ਦਾ ਤੋਹਫ਼ਾ ਦੇ ਸਕਦਾ ਹੈ। ਉਨ੍ਹਾਂ ਅੱਜ 41ਵੇਂ ਕੌਮੀ ਅੱਖਾਂ ਦਾ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ


ਚੰਡੀਗੜ੍ਹ, 24 ਅਗਸਤ (ਹਿੰ.ਸ.)| ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਖਾਂ ਦਾ ਦਾਨ ਕਿਸੇ ਨੇਤਰਹੀਣ ਵਿਅਕਤੀ ਨੂੰ ਨਜ਼ਰ ਦਾ ਤੋਹਫ਼ਾ ਦੇ ਸਕਦਾ ਹੈ। ਉਨ੍ਹਾਂ ਅੱਜ 41ਵੇਂ ਕੌਮੀ ਅੱਖਾਂ ਦਾਨ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕਾਰਨੀਆ ਦੀ ਕਮੀ ਨੂੰ ਦੂਰ ਕਰਨ ਲਈ ਜਾਗਰੂਕਤਾ ਅਤੇ ਵੱਧ ਤੋਂ ਵੱਧ ਅੱਖਾਂ ਦਾਨ ਕਰਨਾ ਸਮੇਂ ਦੀ ਲੋੜ ਹੈ।

41ਵਾਂ ਕੌਮੀ ਅੱਖਾਂ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਸੂਬੇ ਭਰ ਵਿੱਚ ਸੂਚਨਾ, ਸਿੱਖਿਆ ਅਤੇ ਸੰਚਾਰ (ਆਈ.ਈ.ਸੀ.) ਗਤੀਵਿਧੀਆਂ ਰਾਹੀਂ ਲੋਕਾਂ ਨੂੰ ਅੱਖਾਂ ਦਾਨ ਸਬੰਧੀ ਜਾਗਰੂਕ ਕੀਤਾ ਜਾਵੇਗਾ।

ਡਾ. ਬਲਬੀਰ ਸਿੰਘ, ਜੋ ਖੁਦ ਅੱਖਾਂ ਦੇ ਸਰਜਨ ਹਨ, ਨੇ ਦੱਸਿਆ ਕਿ ਕਾਰਨੀਆ ਨੂੰ ਨੁਕਸਾਨ ਪਹੁੰਚਣ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਕਾਰਨੀਅਲ ਅੰਨ੍ਹਾਪਣ ਕਿਹਾ ਜਾਂਦਾ ਹੈ। ਅੱਖਾਂ ਦਾਨ ਕਰਨ ਤੋਂ ਬਾਅਦ ਟਰਾਂਸਪਲਾਂਟ ਲਈ ਪੂਰੀ ਅੱਖ ਨਹੀਂ, ਸਗੋਂ ਪੁਤਲੀ ਦੇ ਸਾਹਮਣੇ ਮੌਜੂਦ ਪਾਰਦਰਸ਼ੀ ਪਰਤ ਕਾਰਨੀਆ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਰਜੀਕਲ ਪ੍ਰਕਿਰਿਆ ਨੂੰ ਕੇਰਾਟੋਪਲਾਸਟੀ ਕਿਹਾ ਜਾਂਦਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲਗਭਗ 11 ਲੱਖ ਲੋਕ ਕਾਰਨੀਅਲ ਅੰਨ੍ਹੇਪਣ ਤੋਂ ਪੀੜਤ ਹਨ ਅਤੇ ਹਰ ਸਾਲ ਕਰੀਬ 25 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਦੇਸ਼ ਵਿੱਚ ਇੱਕ ਲੱਖ ਤੋਂ ਵੱਧ ਕਾਰਨੀਅਲ ਟਰਾਂਸਪਲਾਂਟ ਦੀ ਲੋੜ ਹੈ, ਜਦਕਿ ਹਰ ਸਾਲ ਲਗਭਗ 25 ਹਜ਼ਾਰ ਟਰਾਂਸਪਲਾਂਟ ਹੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਾੜੇ ਨੂੰ ਘਟਾਉਣ ਲਈ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਪੰਜਾਬ ਵਿੱਚ ਇਸ ਸਮੇਂ 13 ਰਜਿਸਟਰਡ ਆਈ ਬੈਂਕ ਅਤੇ 20 ਰਜਿਸਟਰਡ ਕਾਰਨੀਅਲ ਟਰਾਂਸਪਲਾਂਟੇਸ਼ਨ ਸੈਂਟਰ ਹਨ। ਸਾਲ 2025-26 ਦੌਰਾਨ ਸੂਬੇ ਵਿੱਚ 1,041 ਕੇਰਾਟੋਪਲਾਸਟੀ ਕੀਤੀਆਂ ਗਈਆਂ, ਜਦਕਿ ਜੁਲਾਈ 2026 ਤੱਕ 351 ਸਰਜਰੀਆਂ ਸਫਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ।

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ਅੱਖਾਂ ਦਾਨ ਨਾਲ ਜੁੜੇ ਭਰਮਾਂ ਅਤੇ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਲੋਕਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਕੌਣ ਅੱਖਾਂ ਦਾਨ ਕਰ ਸਕਦਾ ਹੈ ਅਤੇ ਦਾਨ ਕੀਤੇ ਕਾਰਨੀਆ ਦੀ ਵਰਤੋਂ ਕਿਵੇਂ ਹੁੰਦੀ ਹੈ।

ਸਟੇਟ ਪ੍ਰੋਗਰਾਮ ਅਫ਼ਸਰ ਡਾ. ਨੀਤੀ ਸਿੰਗਲਾ ਨੇ ਦੱਸਿਆ ਕਿ ਲੋਕ ਨੋਟੋ ਦੀ ਵੈੱਬਸਾਈਟ ’ਤੇ ਜਾ ਕੇ ਅੱਖਾਂ ਦਾਨ ਕਰਨ ਦਾ ਪ੍ਰਣ ਲੈ ਸਕਦੇ ਹਨ ਅਤੇ ਪਲੈੱਜ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਖਾਂ ਦਾਨ ਦਾ ਇੱਕ ਫੈਸਲਾ ਦੋ ਕਾਰਨੀਅਲ ਨੇਤਰਹੀਣ ਵਿਅਕਤੀਆਂ ਨੂੰ ਨਜ਼ਰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande