ਬਟਾਲਾ ਦੇ ਕਾਲਾ ਨੰਗਲ ’ਚ ਝਾੜੀਆਂ ਵਿਚੋਂ ਸਾਬਕਾ ਪੰਜਾਬ ਪੁਲਿਸ ਮੁਲਾਜ਼ਮ ਦੀ ਮਿਲੀ ਗਲੀ-ਸੜੀ ਲਾਸ਼
ਬਟਾਲਾ, 24 ਅਗਸਤ (ਹਿੰ.ਸ.)| ਬਟਾਲਾ ਅਧੀਨ ਪੈਂਦੇ ਪਿੰਡ ਕਾਲਾ ਨੰਗਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਖਾਲੀ ਪਲਾਟ ਵਿੱਚ ਝਾੜੀਆਂ ਵਿਚੋਂ ਪੰਜਾਬ ਪੁਲਿਸ ਦੇ ਬਰਖ਼ਾਸਤ ਮੁਲਾਜ਼ਮ ਦੀ ਬੁਰੀ ਤਰ੍ਹਾਂ ਗਲੀ-ਸੜੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛ
ਬਟਾਲਾ ਦੇ ਕਾਲਾ ਨੰਗਲ ’ਚ ਝਾੜੀਆਂ ਵਿਚੋਂ ਸਾਬਕਾ ਪੰਜਾਬ ਪੁਲਿਸ ਮੁਲਾਜ਼ਮ ਦੀ ਮਿਲੀ ਗਲੀ-ਸੜੀ ਲਾਸ਼


ਬਟਾਲਾ, 24 ਅਗਸਤ (ਹਿੰ.ਸ.)| ਬਟਾਲਾ ਅਧੀਨ ਪੈਂਦੇ ਪਿੰਡ ਕਾਲਾ ਨੰਗਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਖਾਲੀ ਪਲਾਟ ਵਿੱਚ ਝਾੜੀਆਂ ਵਿਚੋਂ ਪੰਜਾਬ ਪੁਲਿਸ ਦੇ ਬਰਖ਼ਾਸਤ ਮੁਲਾਜ਼ਮ ਦੀ ਬੁਰੀ ਤਰ੍ਹਾਂ ਗਲੀ-ਸੜੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ 32 ਸਾਲਾ ਗੁਰਪ੍ਰਤਾਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਜਫ਼ਰਵਾਲ ਵਜੋਂ ਹੋਈ ਹੈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿੰਬਲ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਾਲਾ ਨੰਗਲ ਪਿੰਡ ਨੇੜੇ ਇੱਕ ਖਾਲੀ ਪਲਾਟ ਵਿੱਚ ਝਾੜੀਆਂ ਦੇ ਵਿਚਕਾਰ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।ਪੁਲਿਸ ਵੱਲੋਂ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ। ਲਾਸ਼ ਦੀ ਹਾਲਤ ਨੂੰ ਦੇਖਦਿਆਂ ਪੁਲਿਸ ਨੂੰ ਖਦਸ਼ਾ ਹੈ ਕਿ ਮੌਤ ਕੁਝ ਦਿਨ ਪਹਿਲਾਂ ਹੋਈ ਹੋ ਸਕਦੀ ਹੈ, ਜਿਸ ਕਾਰਨ ਲਾਸ਼ ਬੁਰੀ ਤਰ੍ਹਾਂ ਗਲ-ਸੜ ਗਈ।ਸਬ-ਇੰਸਪੈਕਟਰ ਰਵਿੰਦਰ ਸਿੰਘ ਮੁਤਾਬਕ ਗੁਰਪ੍ਰਤਾਪ ਸਿੰਘ ਪਹਿਲਾਂ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਹਾਲਾਂਕਿ ਕੁਝ ਸਮਾਂ ਪਹਿਲਾਂ ਕਿਸੇ ਕਾਰਨ ਕਰਕੇ ਉਸ ਨੂੰ ਵਿਭਾਗ ਵੱਲੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਪੁਲਿਸ ਹੁਣ ਮ੍ਰਿਤਕ ਦੇ ਪਿਛੋਕੜ ਅਤੇ ਹਾਲ ਹੀ ਦੀਆਂ ਗਤੀਵਿਧੀਆਂ ਸਬੰਧੀ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਪ੍ਰਤਾਪ ਸਿੰਘ ਦੀ ਮੌਤ ਕਿਵੇਂ ਅਤੇ ਕਦੋਂ ਹੋਈ, ਇਸ ਬਾਰੇ ਸਹੀ ਜਾਣਕਾਰੀ ਪੋਸਟਮਾਰਟਮ ਦੀ ਵਿਸਥਾਰਤ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।ਬਟਾਲਾ ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨਦਿਆਂ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande