
ਬਟਾਲਾ, 23 ਅਗਸਤ (ਹਿੰ.ਸ.)| ਬਟਾਲਾ ਪੁਲਿਸ ਨੇ ਲੋਕਾਂ ਦੇ ਗੁੰਮ ਹੋਏ ਮੋਬਾਇਲ ਫੋਨ ਟਰੇਸ ਕਰਕੇ ਉਨ੍ਹਾਂ ਨੂੰ ਅਸਲ ਮਾਲਕਾਂ ਤੱਕ ਪਹੁੰਚਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ 300 ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਨ੍ਹਾਂ ਮੋਬਾਇਲਾਂ ਦੀ ਕੁੱਲ ਕੀਮਤ ਕਰੀਬ 52 ਲੱਖ ਰੁਪਏ ਦੱਸੀ ਗਈ ਹੈ। ਪੁਲਿਸ ਵੱਲੋਂ ਇਹ ਮੋਬਾਇਲ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ ਗਏ।
ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰਕ ਕੇਂਦਰ ਵਿਖੇ ਕਰਵਾਏ 8ਵੇਂ ਸੈਮੀਨਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ‘ਬਟਾਲਾ ਪੁਲਿਸ ਦਾ ਹੋਕਾ, ਤੁਹਾਡਾ ਗੁੰਮ ਮੋਬਾਇਲ ਫੋਨ ਮਿਲਣ ਦਾ ਮੌਕਾ’ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਦਿਨ-ਰਾਤ ਮਿਹਨਤ ਕਰਦਿਆਂ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਟਰੇਸ ਕਰਕੇ ਬਰਾਮਦ ਕੀਤਾ ਗਿਆ ਹੈ। ਪੁਲਿਸ ਸਾਂਝ ਕੇਂਦਰਾਂ ਅਤੇ ਥਾਣਾ ਸਾਈਬਰ ਕ੍ਰਾਈਮ ਬਟਾਲਾ ਵਿੱਚ ਮੋਬਾਇਲ ਗੁੰਮ ਹੋਣ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਹੁਣ ਤੱਕ ਬਟਾਲਾ ਪੁਲਿਸ ਵੱਲੋਂ ਕੁੱਲ 1,900 ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਕਰੀਬ 3 ਕਰੋੜ 50 ਲੱਖ ਰੁਪਏ ਹੈ।
ਡਾ. ਮਹਿਤਾਬ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਇਲ ਫੋਨ ਗੁੰਮ ਜਾਂਦਾ ਹੈ ਤਾਂ ਇਸ ਦੀ ਸ਼ਿਕਾਇਤ ਤੁਰੰਤ ਆਪਣੇ ਨਜ਼ਦੀਕੀ ਪੁਲਿਸ ਸਾਂਝ ਕੇਂਦਰ ਜਾਂ ਥਾਣਾ ਸਾਈਬਰ ਕ੍ਰਾਈਮ ਬਟਾਲਾ ਵਿੱਚ ਦਰਜ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਗੁੰਮ ਹੋਏ ਮੋਬਾਇਲਾਂ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।
ਮੋਬਾਇਲ ਫੋਨ ਵਾਪਸ ਮਿਲਣ ’ਤੇ ਲੋਕਾਂ ਨੇ ਬਟਾਲਾ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH