
ਕੈਨੇਡਾ ਭੱਜਣ ਦੀ ਕੋਸ਼ਿਸ਼ ਦਾ ਸ਼ੱਕ; ਅਦਾਲਤ ਨੇ ਸਰਤਾਜ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆਖਰੜ, 23 ਅਗਸਤ (ਹਿੰ.ਸ.)| ਖਰੜ ਪੁਲਿਸ ਨੇ ਸਰਕਾਰੀ ਸਕੂਲ ਦੇ ਹੈੱਡਮਾਸਟਰ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਸਰਤਾਜ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਵਾਰਦਾਤ ਤੋਂ ਤੁਰੰਤ ਬਾਅਦ ਮੁਲਜ਼ਮ ਖ਼ਿਲਾਫ਼ ਲੁੱਕਆਊਟ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਸ਼ੁੱਕਰਵਾਰ ਦੇਰ ਰਾਤ ਏਅਰਪੋਰਟ ਅਥਾਰਟੀ ਵੱਲੋਂ ਉਸ ਨੂੰ ਦਿੱਲੀ ਏਅਰਪੋਰਟ ’ਤੇ ਹਿਰਾਸਤ ਵਿੱਚ ਲਿਆ ਗਿਆ, ਜਿਸ ਤੋਂ ਬਾਅਦ ਖਰੜ ਪੁਲਿਸ ਦੀ ਟੀਮ ਦਿੱਲੀ ਪਹੁੰਚੀ ਅਤੇ ਸ਼ਨੀਵਾਰ ਤੜਕੇ ਕਰੀਬ 3 ਵਜੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਖਰੜ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸਰਤਾਜ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਉਸ ਤੋਂ ਕਤਲ ਦੀ ਵਾਰਦਾਤ ਅਤੇ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਬਾਰੇ ਪੁੱਛਗਿੱਛ ਕਰ ਰਹੀ ਹੈ।ਡੀਐਸਪੀ ਖਰੜ ਈਸ਼ਾਨ ਸਿੰਗਲਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਰਤਾਜ ਨੇ ਦਾਅਵਾ ਕੀਤਾ ਹੈ ਕਿ ਹੈੱਡਮਾਸਟਰ ਗੁਰਸੇਵਕ ਸਿੰਘ ਕਥਿਤ ਤੌਰ ’ਤੇ ਉਸ ਦੀ ਪਤਨੀ ਨੂੰ ਪਰੇਸ਼ਾਨ ਕਰਦਾ ਸੀ। ਇਸੇ ਮਾਮਲੇ ਨੂੰ ਲੈ ਕੇ ਉਹ ਗੁਰਸੇਵਕ ਨੂੰ ਸਮਝਾਉਣ ਲਈ ਗਿਆ ਸੀ। ਮੁਲਜ਼ਮ ਮੁਤਾਬਕ ਮੌਕੇ ’ਤੇ ਗੱਲਬਾਤ ਦੌਰਾਨ ਵਿਵਾਦ ਵਧ ਗਿਆ ਅਤੇ ਫਿਰ ਮਾਰ-ਕੁੱਟ ਹੋਈ, ਜਿਸ ਦੌਰਾਨ ਗੁਰਸੇਵਕ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਲਾਂਕਿ ਸਰਤਾਜ ਨੇ ਪੁਲਿਸ ਪੁੱਛਗਿੱਛ ਵਿੱਚ ਕਤਲ ਕਰਨ ਦੀ ਨੀਅਤ ਤੋਂ ਇਨਕਾਰ ਕੀਤਾ ਹੈ। ਪੁਲਿਸ ਵੱਲੋਂ ਉਸ ਦੇ ਬਿਆਨਾਂ ਦੀ ਤਸਦੀਕ ਕੀਤੀ ਜਾ ਰਹੀ ਹੈ।ਗੁਰਸੇਵਕ ਸਿੰਘ ’ਤੇ 5 ਅਗਸਤ ਦੀ ਸ਼ਾਮ ਸਨੀ ਐਨਕਲੇਵ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਹਮਲਾ ਕੀਤਾ ਗਿਆ ਸੀ। ਸਕੂਲ ਤੋਂ ਕਾਰ ਰਾਹੀਂ ਘਰ ਪਹੁੰਚੇ ਹੈੱਡਮਾਸਟਰ ਨੂੰ ਹਮਲਾਵਰਾਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਤੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ। ਹਮਲੇ ਵਿੱਚ ਗੁਰਸੇਵਕ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਇਲਾਜ ਲਈ ਮੋਹਾਲੀ ਦੇ ਗ੍ਰੇਸ਼ੀਅਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ 8 ਅਗਸਤ ਦੀ ਸਵੇਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।ਗੁਰਸੇਵਕ ਸਿੰਘ ਕੁੰਭੜਾ ਸਥਿਤ ਸਰਕਾਰੀ ਸਕੂਲ ਵਿੱਚ ਹੈੱਡਮਾਸਟਰ ਵਜੋਂ ਤਾਇਨਾਤ ਸਨ ਅਤੇ ਜ਼ਿਲ੍ਹੇ ਦੇ ਸਮਾਰਟ ਸਕੂਲਾਂ ਨਾਲ ਸਬੰਧਤ ਜ਼ਿੰਮੇਵਾਰੀ ਵੀ ਨਿਭਾ ਰਹੇ ਸਨ। ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਸਕੂਲ ਦੀ ਮਹਿਲਾ ਅਧਿਆਪਕਾ ਹਰਪ੍ਰੀਤ ਕੌਰ ਦੇ ਤਬਾਦਲੇ ਦੀ ਰੰਜਿਸ਼ ਕਾਰਨ ਇਹ ਹਮਲਾ ਕਰਵਾਇਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਹਰਪ੍ਰੀਤ ਕੌਰ ਅਤੇ ਉਸ ਦੇ ਪਤੀ ਸਰਤਾਜ ਸਮੇਤ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਫਿਲਹਾਲ ਪੁਲਿਸ ਸਰਤਾਜ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਕਤਲ ਦੇ ਕਾਰਨਾਂ, ਹਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਅਤੇ ਵਾਰਦਾਤ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH