ਲੁਧਿਆਣਾ ਚ ਸਰਕਾਰੀ ਵੋਲਵੋ ਬੱਸ ਨੇ ਵਿਅਕਤੀ ਨੂੰ ਕੁਚਲਿਆ
ਲੁਧਿਆਣਾ, 23 ਅਗਸਤ (ਹਿੰ.ਸ.)| ਲੁਧਿਆਣਾ ਦੇ ਚੰਡੀਗੜ੍ਹ ਰੋਡ ’ਤੇ ਪਿੰਡ ਜੰਡਿਆਲੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਫੈਕਟਰੀ ਤੋਂ ਛੁੱਟੀ ਕਰਕੇ ਪੈਦਲ ਘਰ ਪਰਤ ਰਹੇ ਇੱਕ ਵਿਅਕਤੀ ਨੂੰ ਪਹਿਲਾਂ ਇੱਕ ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਸ
ਲੁਧਿਆਣਾ ਚ ਸਰਕਾਰੀ ਵੋਲਵੋ ਬੱਸ ਨੇ ਵਿਅਕਤੀ ਨੂੰ ਕੁਚਲਿਆ


ਲੁਧਿਆਣਾ, 23 ਅਗਸਤ (ਹਿੰ.ਸ.)| ਲੁਧਿਆਣਾ ਦੇ ਚੰਡੀਗੜ੍ਹ ਰੋਡ ’ਤੇ ਪਿੰਡ ਜੰਡਿਆਲੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਫੈਕਟਰੀ ਤੋਂ ਛੁੱਟੀ ਕਰਕੇ ਪੈਦਲ ਘਰ ਪਰਤ ਰਹੇ ਇੱਕ ਵਿਅਕਤੀ ਨੂੰ ਪਹਿਲਾਂ ਇੱਕ ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਸਰਕਾਰੀ ਏਸੀ ਵੋਲਵੋ ਬੱਸ ਨੇ ਉਸ ਨੂੰ ਕੁਚਲ ਦਿੱਤਾ।

ਹਾਦਸੇ ਵਿੱਚ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਮੁੰਨਾ ਲਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਵਿਕਾਸ ਕੁਮਾਰ ਵਾਸੀ ਵਿਜੇ ਸੈਣੀ ਦਾ ਵੇੜਾ, ਜੰਡਿਆਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 22 ਅਗਸਤ ਦੀ ਸ਼ਾਮ ਉਸ ਦੇ ਪਿਤਾ ਫੈਕਟਰੀ ਤੋਂ ਛੁੱਟੀ ਕਰਕੇ ਪੈਦਲ ਘਰ ਵਾਪਸ ਆ ਰਹੇ ਸਨ। ਵਿਕਾਸ ਵੀ ਕੁਝ ਦੂਰੀ ’ਤੇ ਆਪਣੇ ਪਿਤਾ ਦੇ ਪਿੱਛੇ-ਪਿੱਛੇ ਆ ਰਿਹਾ ਸੀ।

ਵਿਕਾਸ ਅਨੁਸਾਰ ਜਦੋਂ ਉਸ ਦੇ ਪਿਤਾ ਚੰਡੀਗੜ੍ਹ ਰੋਡ ’ਤੇ ਪਾਣੀ ਵਾਲੀ ਟੈਂਕੀ ਨੇੜੇ ਪਹੁੰਚੇ ਤਾਂ ਇੱਕ ਅਣਪਛਾਤੇ ਕਾਰ ਚਾਲਕ ਨੇ ਕਥਿਤ ਤੌਰ ’ਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਇਸੇ ਦੌਰਾਨ ਪਿੱਛੋਂ ਆ ਰਹੀ ਸਫੈਦ ਰੰਗ ਦੀ ਸਰਕਾਰੀ ਏਸੀ ਵੋਲਵੋ ਬੱਸ ਵੀ ਉੱਥੇ ਪਹੁੰਚੀ। ਸ਼ਿਕਾਇਤ ਅਨੁਸਾਰ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡਰਾਈਵਰ ਬੱਸ ਨੂੰ ਕਾਬੂ ਨਾ ਕਰ ਸਕਿਆ ਅਤੇ ਬੱਸ ਮੁੰਨਾ ਲਾਲ ਦੇ ਉੱਪਰ ਚੜ੍ਹ ਗਈ। ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲਿਸ ਨੇ ਸਰਕਾਰੀ ਬੱਸ ਦੇ ਡਰਾਈਵਰ ਦੀ ਪਛਾਣ ਨਰੇਸ਼ ਕੁਮਾਰ ਵਾਸੀ ਪਿੰਡ ਹਵਾਰਾ ਕਲਾਂ, ਥਾਣਾ ਖਮਾਣੋਂ ਮੰਡੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਕੀਤੀ ਹੈ। ਜਦਕਿ ਅਣਪਛਾਤੇ ਕਾਰ ਚਾਲਕ ਦੀ ਪਛਾਣ ਅਜੇ ਨਹੀਂ ਹੋ ਸਕੀ।

ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਜਮਾਲਪੁਰ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਵਿਕਾਸ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹਾਦਸੇ ਵਾਲੀ ਥਾਂ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਟੱਕਰ ਮਾਰ ਕੇ ਫਰਾਰ ਹੋਏ ਕਾਰ ਚਾਲਕ ਦੀ ਪਛਾਣ ਕਰਕੇ ਉਸ ਨੂੰ ਕਾਬੂ ਕੀਤਾ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande