ਨਿੱਜੀ ਜ਼ਿੰਦਗੀ ’ਤੇ ਬਿਨਾਂ ਸਬੂਤ ਦੋਸ਼ ਲਗਾਉਣ ਦੀ ਰਾਜਨੀਤੀ ਬੰਦ ਹੋਵੇ: ਵਿਧਾਇਕ ਅਮਨਦੀਪ ਕੌਰ
ਚੰਡੀਗੜ੍ਹ, 23 ਅਗਸਤ (ਹਿੰ.ਸ.)| ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਕਥਿਤ ਬੇਬੁਨਿਆਦ ਦੋਸ਼ਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮਕਾਜ ’ਤੇ
ਮੋਗਾ ਤੋਂ ਵਿਧਾਇਕ ਅਮਨਦੀਪ ਕੌਰ


ਚੰਡੀਗੜ੍ਹ, 23 ਅਗਸਤ (ਹਿੰ.ਸ.)| ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਕਥਿਤ ਬੇਬੁਨਿਆਦ ਦੋਸ਼ਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮਕਾਜ ’ਤੇ ਸਵਾਲ ਚੁੱਕਣਾ ਅਤੇ ਆਲੋਚਨਾ ਕਰਨਾ ਵਿਰੋਧੀ ਧਿਰ ਦਾ ਅਧਿਕਾਰ ਹੈ, ਪਰ ਬਿਨਾਂ ਸਬੂਤ ਕਿਸੇ ਦੀ ਨਿੱਜੀ ਜ਼ਿੰਦਗੀ, ਇੱਜ਼ਤ ਅਤੇ ਚਰਿੱਤਰ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਮਨਦੀਪ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਓਐੱਸਡੀ ਰਾਜਵੀਰ ਸਿੰਘ ’ਤੇ ਵੀ ਕਈ ਦੋਸ਼ ਲਗਾਏ ਗਏ ਸਨ, ਪਰ ਉਨ੍ਹਾਂ ਦੇ ਹੱਕ ਵਿੱਚ ਕੋਈ ਠੋਸ ਸਬੂਤ ਜਨਤਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਕੋਲ ਕਿਸੇ ਮਾਮਲੇ ਸਬੰਧੀ ਕੋਈ ਜਾਣਕਾਰੀ ਜਾਂ ਦੋਸ਼ ਹੈ ਤਾਂ ਉਸ ਨੂੰ ਅਫ਼ਵਾਹਾਂ ਦੀ ਬਜਾਏ ਤੱਥਾਂ ਅਤੇ ਸਬੂਤਾਂ ਸਮੇਤ ਲੋਕਾਂ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ।

ਵਿਧਾਇਕ ਨੇ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਕਹਿ ਸਕਦੀ ਹੈ ਕਿ ਪਾਰਟੀ ਫੰਡ ਦੇ ਨਾਂ ’ਤੇ ਕਿਸੇ ਤੋਂ ਕੋਈ ਅਣਉਚਿਤ ਮੰਗ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਿਧਾਇਕ ਅਤੇ ਵਰਕਰ ਆਪਣੇ ਕੰਮਾਂ ਲਈ ਸਬੰਧਤ ਅਧਿਕਾਰੀਆਂ ਅਤੇ ਪਾਰਟੀ ਲੀਡਰਸ਼ਿਪ ਤੱਕ ਪਹੁੰਚ ਕਰਦੇ ਹਨ।

ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਜੀਜੇ ਰਣਜੀਤ ਸਿੰਘ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦਾ ਜ਼ਿਕਰ ਕਰਦਿਆਂ ਅਮਨਦੀਪ ਕੌਰ ਨੇ ਕਿਹਾ ਕਿ ਕਥਿਤ ਦੋਸ਼ਾਂ ਲਈ 24 ਘੰਟਿਆਂ ਅੰਦਰ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਦੋਸ਼ ਲਗਾਉਣ ਵਾਲੇ ਆਪਣੇ ਦਾਅਵਿਆਂ ਨੂੰ ਸਾਬਤ ਨਹੀਂ ਕਰ ਸਕਦੇ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਮਨਦੀਪ ਕੌਰ ਨੇ ਕਿਹਾ ਕਿ ‘ਆਪ’ ਕਿਸੇ ਦੀ ਆਵਾਜ਼ ਦਬਾਉਣ ਦੇ ਹੱਕ ਵਿੱਚ ਨਹੀਂ ਹੈ। ਵਿਰੋਧੀ ਧਿਰ ਸਰਕਾਰ ਦੇ ਫ਼ੈਸਲਿਆਂ ’ਤੇ ਸਵਾਲ ਕਰੇ ਅਤੇ ਤੱਥਾਂ ਦੇ ਆਧਾਰ ’ਤੇ ਆਲੋਚਨਾ ਕਰੇ, ਪਰ ਔਰਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਨਿੱਜੀ ਹਮਲਿਆਂ ਦਾ ਨਿਸ਼ਾਨਾ ਬਣਾਉਣਾ ਬੇਹੱਦ ਸ਼ਰਮਨਾਕ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ, ਬਿਜਲੀ ਵਿੱਚ ਰਾਹਤ, ਸਿਹਤ ਸਹੂਲਤਾਂ, ਨਹਿਰੀ ਪਾਣੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਅਤੇ ਹੋਰ ਲੋਕ ਭਲਾਈ ਯੋਜਨਾਵਾਂ ’ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਨਿੱਜੀ ਦੋਸ਼ਾਂ ਦੀ ਬਜਾਏ ਇਨ੍ਹਾਂ ਮੁੱਦਿਆਂ ’ਤੇ ਸਿਆਸੀ ਬਹਿਸ ਕਰਨੀ ਚਾਹੀਦੀ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਬਿਨਾਂ ਸਬੂਤ ਲਗਾਏ ਨਿੱਜੀ ਦੋਸ਼ਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਮੰਨ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਦੋਸ਼ ਲਗਾਉਣ ਵਾਲਿਆਂ ਨੂੰ ਕਾਨੂੰਨੀ ਤੌਰ ’ਤੇ ਆਪਣੇ ਦਾਅਵਿਆਂ ਦਾ ਜਵਾਬ ਦੇਣਾ ਪਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande