ਏਸ਼ੀਆਈ ਦੇਸ਼ਾਂ 'ਚ ਸਰਗਰਮ ‘ਖਾਨ ਬਾਬਾ’ ਗਿਰੋਹ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਬਣਾ ਰਿਹਾ ਨਿਸ਼ਾਨਾ
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਸਾਹਮਣੇ ਲਿਆ ਕੇ ਕੀਤਾ ਖੁਲਾਸਾ ਚੰਡੀਗੜ੍ਹ, 23 ਅਗਸਤ (ਹਿੰ.ਸ.)| ਵਿਦੇਸ਼ ਵਿੱਚ ਨੌਕਰੀ ਦਾ ਸੁਪਨਾ ਦਿਖਾ ਕੇ ਪੰਜਾਬ ਤੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੰਧਕ ਬਣਾਉਣ ਵਾਲਾ ‘ਖਾਨ ਬਾਬਾ’ ਗਿਰੋਹ ’ਤੇ ਲਗਾਤਾਰ ਨੌਜਵਾਨਾਂ ਨੂੰ ਆਪਣਾ ਨਿਸ਼
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪੀੜਤ ਪਰਿਵਾਰਾਂ ਨਾਲ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।


ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਸਾਹਮਣੇ ਲਿਆ ਕੇ ਕੀਤਾ ਖੁਲਾਸਾ

ਚੰਡੀਗੜ੍ਹ, 23 ਅਗਸਤ (ਹਿੰ.ਸ.)| ਵਿਦੇਸ਼ ਵਿੱਚ ਨੌਕਰੀ ਦਾ ਸੁਪਨਾ ਦਿਖਾ ਕੇ ਪੰਜਾਬ ਤੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੰਧਕ ਬਣਾਉਣ ਵਾਲਾ ‘ਖਾਨ ਬਾਬਾ’ ਗਿਰੋਹ ’ਤੇ ਲਗਾਤਾਰ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ੁੱਕਰਵਾਰ ਨੂੰ ਦੋ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਸਾਹਮਣੇ ਲਿਆ ਕੇ ਇਸ ਪੂਰੇ ਰੈਕੇਟ ਦਾ ਖੁਲਾਸਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਏਸ਼ੀਆਈ ਦੇਸ਼ਾਂ ਵਿੱਚ ਖਾਨ ਬਾਬਾ ਨਾਂਅ ਦਾ ਗਿਰੋਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਹੈ ਜਿਹੜਾ ਪੰਜਾਬ ਤੇ ਦੇਸ਼ ਵਿੱਚੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਏਜੰਟਾਂ ਰਾਹੀ ਆਪਣੇ ਝਾਂਸੇ ਵਿੱਚ ਲੈ ਕੇ ਵਿਦੇਸ਼ਾਂ ਵਿੱਚ ਲੈ ਜਾਂਦਾ ਹੈ ਤੇ ਉੱਥੇ ਬੰਧਕ ਬਣਾ ਕੇ ਪਰਿਵਾਰਾਂ ਤੋਂ ਲੱਖਾਂ ਰੁਪਏ ਵਿੱਚ ਪੈਸੇ ਵਸੂਲ ਰਿਹਾ।

ਸੰਤ ਸੀਚੇਵਾਲ ਨੇ ਦੱਸਿਆ ਕਿ 29 ਜੁਲਾਈ ਨੂੰ ਜਲੰਧਰ ਦੇ ਕੁਲਰਾਜ ਸਿੰਘ ਅਤੇ ਕਪੂਰਥਲਾ ਦੇ ਮਨਪ੍ਰੀਤ ਸਿੰਘ ਦੇ ਪਰਿਵਾਰ ਉਨ੍ਹਾਂ ਕੋਲ ਪਹੁੰਚੇ ਸਨ। ਪਰਿਵਾਰਾਂ ਅਨੁਸਾਰ ਏਜੰਟਾਂ ਵੱਲੋਂ ਦੋਵਾਂ ਨੌਜਵਾਨਾਂ ਨੂੰ ਸਪੇਨ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਉਹਨਾਂ ਦੇ ਬੱਚਿਆਂ ਨੂੰ ਗਿਰੋਹ ਦੇ ਚੁੰਗਲ ਵਿੱਚ ਫਸਾ ਦਿੱਤਾ ਗਿਆ। ਮਾਮਲਾ ਤੁਰੰਤ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ। ਮਨਪ੍ਰੀਤ ਸਿੰਘ 9 ਅਗਸਤ ਨੂੰ ਭਾਰਤ ਵਾਪਸ ਆ ਗਿਆ, ਜਦਕਿ ਕੁਲਰਾਜ ਸਿੰਘ ਦੇ ਥਾਈਲੈਂਡ ਵਿੱਚ ਪੁਲਿਸ ਹਿਰਾਸਤ ਵਿੱਚ ਹੋਣ ਦੀ ਜਾਣਕਾਰੀ ਪਰਿਵਾਰ ਵੱਲੋਂ ਦਿੱਤੀ ਗਈ ਹੈ।

ਪਰਿਵਾਰਾਂ ਅਨੁਸਾਰ ਨੌਜਵਾਨਾਂ ਦੀ ਰਿਹਾਈ ਬਦਲੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ। ਮਨਪ੍ਰੀਤ ਦੇ ਪਰਿਵਾਰ ਨੇ ਉਸਦੀ ਵਾਪਸੀ ਲਈ 22.50 ਲੱਖ ਰੁਪਏ ਦੇਣ ਦਾ ਦਾਅਵਾ ਕੀਤਾ ਹੈ, ਜਦਕਿ ਕੁਲਰਾਜ ਦੇ ਪਰਿਵਾਰ ਤੋਂ 8 ਲੱਖ ਰੁਪਏ ਲੈਣ ਤੋਂ ਬਾਅਦ ਹੋਰ 15 ਲੱਖ ਰੁਪਏ ਦੀ ਮੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਨੌਜਵਾਨਾਂ ’ਤੇ ਕਥਿਤ ਤੌਰ ’ਤੇ ਤਸ਼ੱਦਦ ਕਰਕੇ ਉਨ੍ਹਾਂ ਦੀਆਂ ਵੀਡੀਓਜ਼ ਜਾਂ ਆਡੀਓ ਰਿਕਾਰਡਿੰਗਾਂ ਪਰਿਵਾਰਾਂ ਨੂੰ ਭੇਜੀਆਂ ਜਾਂਦੀਆਂ ਅਤੇ ਡਰਾ-ਧਮਕਾ ਕੇ ਫਿਰੌਤੀ ਦੀ ਮੰਗ ਕੀਤੀ ਜਾਂਦੀ ਸੀ।

ਸੰਤ ਸੀਚੇਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਰਾਕ, ਕੀਨੀਆ, ਇਥੋਪੀਆ ਅਤੇ ਹੋਰ ਦੇਸ਼ਾਂ ਨਾਲ ਸਬੰਧਤ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਪੂਰੇ ਨੈੱਟਵਰਕ ਦੀ ਜਾਂਚ ’ਤੇ ਇੰਟਰਪੋਲ ਦੀ ਮਦਦ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇ ਕਿ ਕਿਹੜੇ ਏਜੰਟ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਅਜਿਹੇ ਗਿਰੋਹਾਂ ਤੱਕ ਪਹੁੰਚਾ ਰਹੇ ਹਨ ਅਤੇ ਉਨ੍ਹਾਂ ਦੇ ਆਪਸੀ ਸੰਪਰਕ ਕੀ ਹਨ।

ਸੰਤ ਸੀਚੇਵਾਲ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਕੋਈ ਏਜੰਟ ਇਹ ਕਹਿੰਦਾ ਹੈ ਕਿ ਵਿਦੇਸ਼ ਪਹੁੰਚਣ ਤੋਂ ਬਾਅਦ ਪੈਸੇ ਲਏ ਜਾਣਗੇ ਤਾਂ ਅਜਿਹੇ ਲਾਲਚ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੇ ਏਜੈਂਟਾਂ ਦੇ ਝਾਂਸੇ ਵਿੱਚ ਨਾ ਆਓ ਇਹ ਇੱਕ ਫਰੇਬ ਹੈ।

ਬਿਨਾਂ ਪਾਸਪੋਰਟ ਦੇ ਭਾਰਤ ਪਹੁੰਚਿਆ ਮਨਪ੍ਰੀਤ’

ਖਾਨ ਬਾਬਾ ਦੀ ਚੁੰਗਲ ਵਿੱਚੋਂ ਸੁਰੱਖਿਅਤ ਭਾਰਤ ਪਰਤੇ ਮਨਪ੍ਰੀਤ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉੱਥੇ ਬਿਤਾਇਆ ਸਮਾਂ ਬੇਹੱਦ ਡਰਾਉਣਾ ਸੀ ਅਤੇ ਹਰ ਪਲ ਜਾਨ ਦਾ ਖਤਰਾ ਮਹਿਸੂਸ ਹੁੰਦਾ ਸੀ। ਉਸਨੇ ਦੱਸਿਆ ਕਿ ਵਾਪਸੀ ਸਮੇਂ ਉਸਨੂੰ ਪਾਸਪੋਰਟ ਨਹੀਂ ਦਿੱਤਾ ਗਿਆ। ਹਵਾਈ ਅੱਡਿਆਂ ’ਤੇ ਅਧਿਕਾਰੀ ਉਸਦੀ ਫੋਟੋ ਆਪਣੇ ਫੋਨ ਵਿੱਚ ਦੇਖ ਕੇ ਉਸਨੂੰ ਅੱਗੇ ਜਾਣ ਦਿੰਦੇ ਸਨ। ਦੂਜੇ ਪਾਸੇ, ਕੁਲਰਾਜ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਖੁਦ ਤਸ਼ੱਦਦ ਦਾ ਪੀੜਤ ਹੋਣ ਦੇ ਬਾਵਜੂਦ ਥਾਈਲੈਂਡ ਵਿੱਚ ਪੁਲਿਸ ਹਿਰਾਸਤ ਵਿੱਚ ਹੈ। ਪਰਿਵਾਰ ਨੇ ਦੱਸਿਆ ਕਿ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ ਇਹ ਲੋਕ ਖੁਦ ਪਰਦੇ ਪਿੱਛੇ ਰਹਿੰਦੇ ਹਨ ਅਤੇ ਮਾਸੂਮ ਨੌਜਵਾਨਾਂ ਨੂੰ ਆਪਣੇ ਮੋਹਰੇ ਵਜੋਂ ਵਰਤਦੇ ਹਨ।

ਮਨਪ੍ਰੀਤ ਦੀ ਵਾਪਸੀ ਦੇ ਤਰੀਕੇ ਦੀ ਵੀ ਹੋਵੇ ਡੂੰਘੀ ਜਾਂਚ

ਸੰਤ ਸੀਚੇਵਾਲ ਨੇ ਕਿਹਾ ਕਿ ਮਨਪ੍ਰੀਤ ਦੀ ਵਾਪਸੀ ਤੋਂ ਸਮਝਿਆ ਜਾ ਸਕਦਾ ਹੈ ਕਿ ਇਸ ਗਿਰੋਹ ਦਾ ਨੈਟਵਰਕ ਕਿੱਥੋਂ ਤੱਕ ਫੈਲਿਆ ਹੋਇਆ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਸਿੰਘ ਦੀ ਵਾਪਸੀ ਦੇ ਪੂਰੇ ਤਰੀਕੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਬਿਨਾਂ ਪਾਸਪੋਰਟ ਦੇ ਉਹ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਕਿਵੇਂ ਪਹੁੰਚਿਆ, ਉਸਨੂੰ ਕਿਸ ਨੇ ਹਦਾਇਤਾਂ ਦਿੱਤੀਆਂ ਅਤੇ ਕਿਹੜੇ ਵਿਅਕਤੀਆਂ ਜਾਂ ਨੈੱਟਵਰਕ ਨੇ ਉਸਦੀ ਮਦਦ ਕੀਤੀ—ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਕੜੀ ਦੀ ਜਾਂਚ ਨਾਲ ਖਾਨ ਬਾਬਾ ਨਾਂਅ ਦੇ ਮਨੁੱਖੀ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਵਿੱਚ ਮਹੱਤਵਪੂਰਨ ਮਦਦ ਮਿਲ ਸਕਦੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande