
ਫਗਵਾੜਾ, 23 ਅਗਸਤ (ਹਿੰ.ਸ.)| ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਮਾਰਚ ਦੇ ਫਗਵਾੜਾ ਪਹੁੰਚਣ ’ਤੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਅਤੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਮਸ਼ਾਲ ਦਾ ਸਵਾਗਤ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ। ਐੱਮਪੀ ਡਾ. ਚੱਬੇਵਾਲ ਨੇ ਬੱਸ ਸਟੈਂਡ ਤੋਂ ਸਕੂਲ ਆਫ਼ ਐਮੀਨੈਂਸ ਦੇ ਫੁੱਟਬਾਲ ਮੈਦਾਨ ਤੱਕ ਮਸ਼ਾਲ ਨੂੰ ਪੈਦਲ ਲੈ ਕੇ ਮਾਰਚ ਦੀ ਅਗਵਾਈ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਵਿੱਚ ਨਵੀਂ ਖੇਡ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਦਾ ਚੌਥਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਵੇਗਾ ਅਤੇ 29 ਨਵੰਬਰ ਨੂੰ ਪਟਿਆਲਾ ਵਿਖੇ ਸਮਾਪਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਵਾਰ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ 10 ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਮੁਕਾਬਲੇ 38 ਖੇਡ ਵੰਨਗੀਆਂ ਅਤੇ 4 ਪੈਰਾ-ਖੇਡਾਂ ਵਿੱਚ ਕਰਵਾਏ ਜਾਣਗੇ।
ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੇਡਾਂ ਲਈ 1,794 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 3,148 ਖੇਡ ਮੈਦਾਨ ਅਤੇ 6,000 ਪਿੰਡ ਜਿੰਮ ਵਿਕਸਤ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਹੋਣਗੇ। ਇਨ੍ਹਾਂ ਵਿੱਚ ਪੰਜਾਬ ਦੇ ਸਾਰੇ 153 ਬਲਾਕ ਅਤੇ 23 ਜ਼ਿਲ੍ਹੇ ਸ਼ਾਮਲ ਹੋਣਗੇ। ਬਲਾਕ ਪੱਧਰ ’ਤੇ 7, ਜ਼ਿਲ੍ਹਾ ਪੱਧਰ ’ਤੇ 28 ਅਤੇ ਸੂਬਾ ਪੱਧਰ ’ਤੇ 38 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਸੂਬਾ ਪੱਧਰ ’ਤੇ ਸੋਨ ਤਗਮਾ ਜੇਤੂ ਨੂੰ 10 ਹਜ਼ਾਰ, ਚਾਂਦੀ ਤਗਮਾ ਜੇਤੂ ਨੂੰ 7 ਹਜ਼ਾਰ ਅਤੇ ਕਾਂਸੀ ਤਗਮਾ ਜੇਤੂ ਨੂੰ 5 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।
ਪੈਰਾ-ਖੇਡਾਂ ਦੇ ਸੂਬਾ ਪੱਧਰੀ ਮੁਕਾਬਲੇ 25 ਤੋਂ 28 ਨਵੰਬਰ ਤੱਕ ਲੁਧਿਆਣਾ ਵਿਖੇ ਹੋਣਗੇ, ਜਿਨ੍ਹਾਂ ਵਿੱਚ ਪੈਰਾ ਅਥਲੈਟਿਕਸ, ਪੈਰਾ ਪਾਵਰਲਿਫਟਿੰਗ, ਪੈਰਾ ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਮਿਹਨਤ ਨਾਲ ਉਨ੍ਹਾਂ ਨੂੰ ਸਾਕਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜੇ ਸਿਹਤਮੰਦ ਨੌਜਵਾਨ ਹੀ ਮਜ਼ਬੂਤ ਅਤੇ ਤਰੱਕੀਸ਼ੀਲ ਪੰਜਾਬ ਦੀ ਨੀਂਹ ਰੱਖ ਸਕਦੇ ਹਨ। ਇਸ ਮੌਕੇ ਏਡੀਸੀ ਰਣਦੀਪ ਸਿੰਘ ਹੀਰ, ਐਸਡੀਐਮ ਡਾ. ਨਵਜੋਤ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਖੇਡ ਪ੍ਰੇਮੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH