
ਮਨੀਸ਼ ਸਿਸੋਦੀਆ ਤੇ ਰਾਜਬੀਰ ਸਿੰਘ ਘੁੰਮਣ ਨੇ ਮੈਰਾਥਨ ਨੂੰ ਦਿਖਾਈ ਹਰੀ ਝੰਡੀ; ਜੇਤੂਆਂ ਨੂੰ 11 ਹਜ਼ਾਰ ਰੁਪਏ ਤੱਕ ਦੇ ਨਕਦ ਇਨਾਮ
ਜਲੰਧਰ, 23 ਅਗਸਤ (ਹਿੰ.ਸ.)| ਜਲੰਧਰ ਵਿੱਚ ਆਯੋਜਿਤ ‘ਯੂਥ ਰਨ ਪੰਜਾਬ 2026’ ਵਿੱਚ ਹਜ਼ਾਰਾਂ ਨੌਜਵਾਨਾਂ ਅਤੇ ਖਿਡਾਰੀਆਂ ਨੇ ਹਿੱਸਾ ਲੈ ਕੇ ਨਸ਼ਾ ਮੁਕਤ, ਤੰਦਰੁਸਤ ਅਤੇ ਪ੍ਰਗਤੀਸ਼ੀਲ ਪੰਜਾਬ ਦਾ ਸੰਦੇਸ਼ ਦਿੱਤਾ। ਆਮ ਆਦਮੀ ਪਾਰਟੀ (ਆਪ) ਯੂਥ ਵਿੰਗ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਰਵਾਈ ਗਈ ਇਸ ਮੈਰਾਥਨ ਦੌਰਾਨ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ, ਫਿਟਨੈਸ ਅਤੇ ਰਚਨਾਤਮਕ ਗਤੀਵਿਧੀਆਂ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਮੈਰਾਥਨ ਨੂੰ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ 11 ਹਜ਼ਾਰ ਰੁਪਏ ਤੱਕ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਭਾਗੀਦਾਰਾਂ ਨੂੰ ਟੀ-ਸ਼ਰਟਾਂ ਅਤੇ ਮੈਡਲ ਵੀ ਦਿੱਤੇ ਗਏ।
ਇਕੱਠ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਮੈਰਾਥਨ ਸਿਰਫ਼ ਕੁਝ ਕਿਲੋਮੀਟਰ ਦੀ ਦੌੜ ਨਹੀਂ, ਸਗੋਂ ਨਸ਼ਿਆਂ, ਨਿਰਾਸ਼ਾ ਅਤੇ ਹਾਰ ਮੰਨਣ ਦੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਹੇ ਪੰਜਾਬ ਦੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਹੁਣ ਖੇਡਾਂ, ਫਿਟਨੈਸ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਤਰਜੀਹ ਦੇ ਰਹੇ ਹਨ।
ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨਾਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਦੇ ਪੰਜਾਬ ਨੂੰ ‘ਉੱਡਤਾ ਪੰਜਾਬ’ ਕਹਿੰਦੇ ਸਨ, ਉਹ ਹੁਣ ਇਸ ਨੂੰ ‘ਦੌੜਦਾ ਅਤੇ ਖੇਡਦਾ ਪੰਜਾਬ’ ਬਣਦਾ ਦੇਖ ਰਹੇ ਹਨ।
‘ਆਪ’ ਪੰਜਾਬ ਦੇ ਬੁਲਾਰੇ ਦੀਪਕ ਬਾਲੀ ਨੇ ਕਿਹਾ ਕਿ ‘ਯੂਥ ਰਨ ਪੰਜਾਬ 2026’ ਵਰਗੇ ਪ੍ਰੋਗਰਾਮ ਨੌਜਵਾਨਾਂ ਨੂੰ ਨਸ਼ਿਆਂ ਅਤੇ ਨਕਾਰਾਤਮਕ ਸੋਚ ਤੋਂ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਖੇਡਾਂ ਵਿੱਚ ਬਿਹਤਰ ਮੌਕੇ ਅਤੇ ਸਹੂਲਤਾਂ ਦੇਣ ਦੇ ਨਾਲ-ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ।
‘ਆਪ’ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਖੇਡਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕੁਝ ਸਮਾਂ ਖੇਡਾਂ ਅਤੇ ਕਸਰਤ ਲਈ ਕੱਢਣਾ ਸਿਹਤ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।
ਇਸ ਮੌਕੇ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਜਲੰਧਰ ਦੀਆਂ ਸੜਕਾਂ 'ਤੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਬਜਾਏ ਖੇਡਾਂ, ਮਿਹਨਤ, ਤੰਦਰੁਸਤੀ ਅਤੇ ਸਫਲਤਾ ਨੂੰ ਚੁਣ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਊਰਜਾ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਹਿੰਦੂਸਥਾਨ ਸਮਾਚਾਰ / GURSHARAN SINGH