
ਚੰਡੀਗੜ੍ਹ, 24 ਅਗਸਤ (ਹਿੰ.ਸ.)| ਹਰਿਆਣਾ ਵਿੱਚ ਨਿਵੇਸ਼ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਗਤੀ ਦੇਣ ਅਤੇ ਸੂਬੇ ਨੂੰ ਪ੍ਰਮੁੱਖ ਉਦਯੋਗਿਕ ਤੇ ਨਿਵੇਸ਼ ਕੇਂਦਰ ਵਜੋਂ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੁੰਬਈ ਵਿੱਚ ‘ਹੈਪਨਿੰਗ ਹਰਿਆਣਾ 2.0’ ਗਲੋਬਲ ਕੈਪੀਟਲ ਕੈਂਪੇਨ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਮੁੱਖ ਨਿਵੇਸ਼ਕਾਂ, ਗਲੋਬਲ ਇਨਵੈਸਟਮੈਂਟ ਫਰਮਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨਾਲ ਰਾਊਂਡਟੇਬਲ ਕਾਨਫਰੰਸ ਕੀਤੀ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਰਹੇ।ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਰਥਿਕ ਗਤੀ ਨੂੰ ਤੇਜ਼ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਤ ਭਾਰਤ’ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਉਦਯੋਗ ਜਗਤ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰਿਆਣਾ ਨੂੰ ਭਰੋਸੇਮੰਦ, ਰਿਸਪੌਂਸਿਵ ਅਤੇ ਇਨਵੈਸਟਰ-ਫ੍ਰੈਂਡਲੀ ਸੂਬਾ ਬਣਾਉਣ ਲਈ ਵਚਨਬੱਧ ਹੈ, ਜਿੱਥੇ ਨਿਵੇਸ਼ਕਾਂ ਨੂੰ ਬਿਹਤਰ ਕਾਰੋਬਾਰੀ ਮੌਕਿਆਂ ਦੇ ਨਾਲ ਸਰਕਾਰ ਨਾਲ ਕੰਮ ਕਰਨ ਦਾ ਸਕਾਰਾਤਮਕ ਤਜਰਬਾ ਵੀ ਮਿਲੇ।ਸੈਣੀ ਨੇ ਕਿਹਾ ਕਿ ਮੀਟਿੰਗ ਦੌਰਾਨ ਨਿਵੇਸ਼ਕਾਂ ਵੱਲੋਂ ਕਈ ਮਹੱਤਵਪੂਰਨ ਅਤੇ ਵਿਹਾਰਕ ਸੁਝਾਅ ਦਿੱਤੇ ਗਏ ਹਨ। ਸਰਕਾਰ ਇਨ੍ਹਾਂ ਸੁਝਾਵਾਂ ਨੂੰ ਸਬੰਧਤ ਵਿਭਾਗਾਂ ਨਾਲ ਮਿਲ ਕੇ ਟਾਈਮ-ਬਾਊਂਡ ਐਕਸ਼ਨ ਪਲਾਨ ਵਿੱਚ ਬਦਲੇਗੀ। ਜ਼ਮੀਨ, ਮਨਜ਼ੂਰੀਆਂ ਅਤੇ ਹੋਰ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਲਈ ਵੀ ਲੋੜੀਂਦੇ ਸੁਧਾਰ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਨਿਵੇਸ਼ ਹਾਸਲ ਕਰਨ ਦੀ ਬਜਾਏ ਉਦਯੋਗ ਜਗਤ ਨਾਲ ਲੰਬੇ ਸਮੇਂ ਦੀ ਸਾਂਝੇਦਾਰੀ ਬਣਾਉਣ ’ਤੇ ਧਿਆਨ ਦੇ ਰਹੀ ਹੈ। ਮੈਨੂਫੈਕਚਰਿੰਗ, ਗਲੋਬਲ ਕੈਪੇਬਿਲਟੀ ਸੈਂਟਰ, ਤਕਨਾਲੋਜੀ ਅਤੇ ਲੌਜਿਸਟਿਕਸ ਖੇਤਰਾਂ ਵਿੱਚ ਨਿਵੇਸ਼ਕਾਂ ਨੂੰ ਹਰ ਸੰਭਵ ਸਹੂਲਤ ਦੇਣ ਦਾ ਭਰੋਸਾ ਵੀ ਦਿੱਤਾ ਗਿਆ।ਰਾਊਂਡਟੇਬਲ ਦੌਰਾਨ ਡਿਫੈਂਸ ਸੈਕਟਰ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ’ਤੇ ਵੀ ਵਿਸ਼ੇਸ਼ ਚਰਚਾ ਹੋਈ। ਮੁੱਖ ਮੰਤਰੀ ਨੇ ਦੱਸਿਆ ਕਿ ਨਿਵੇਸ਼ਕਾਂ ਵੱਲੋਂ ਇਸ ਖੇਤਰ ਵਿੱਚ ਸਭ ਤੋਂ ਵੱਧ ਰੁਚੀ ਦਿਖਾਈ ਗਈ ਹੈ। ਇਸ ਨੂੰ ਦੇਖਦਿਆਂ ਸਰਕਾਰ ਜਲਦ ਡਿਫੈਂਸ ਸੈਕਟਰ ਨਾਲ ਸਬੰਧਤ ਨੀਤੀ ਲਿਆਉਣ ’ਤੇ ਵਿਚਾਰ ਕਰ ਰਹੀ ਹੈ।ਹਿਸਾਰ ਦੇ ਮਹਾਰਾਜਾ ਅਗਰਸੇਨ ਏਅਰਪੋਰਟ ਨੇੜੇ ਮੈਨੂਫੈਕਚਰਿੰਗ ਕਲੱਸਟਰ ਵਿਕਸਤ ਕੀਤਾ ਜਾ ਰਿਹਾ ਹੈ, ਜਿੱਥੇ ਡਿਫੈਂਸ ਕਲੱਸਟਰ ਦੀਆਂ ਸੰਭਾਵਨਾਵਾਂ ’ਤੇ ਵੀ ਕੰਮ ਹੋਵੇਗਾ। ਇਸ ਤੋਂ ਇਲਾਵਾ ਜੇਵਰ ਏਅਰਪੋਰਟ ਨੇੜੇ ਹਰਿਆਣਾ ਦੇ ਖੇਤਰ ਵਿੱਚ ਇੱਕ ਹੋਰ ਉਦਯੋਗਿਕ ਕਲੱਸਟਰ ਵਿਕਸਤ ਕਰਨ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਲਈ ਸਿਰਫ਼ ਜ਼ਮੀਨ ਅਤੇ ਬੁਨਿਆਦੀ ਸਹੂਲਤਾਂ ਦੇਣਾ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਲੋੜ ਮੁਤਾਬਕ ਕੁਸ਼ਲ ਮਨੁੱਖੀ ਸਰੋਤ ਮੁਹੱਈਆ ਕਰਵਾਉਣਾ ਵੀ ਸਰਕਾਰ ਦੀ ਤਰਜੀਹ ਹੈ। ਇਸ ਲਈ ਆਈਟੀਆਈ ਅਤੇ ਪੌਲੀਟੈਕਨਿਕ ਸੰਸਥਾਵਾਂ ਨੂੰ ਉਦਯੋਗਾਂ ਨਾਲ ਜੋੜ ਕੇ ਨੌਜਵਾਨਾਂ ਨੂੰ ਲੋੜ ਅਨੁਸਾਰ ਸਿਖਲਾਈ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ।ਸੈਣੀ ਨੇ ਨਿਵੇਸ਼ਕਾਂ ਨੂੰ ਅਪ੍ਰੈਲ 2027 ਵਿੱਚ ਹਰਿਆਣਾ ਵਿੱਚ ਹੋਣ ਵਾਲੇ ‘ਹੈਪਨਿੰਗ ਹਰਿਆਣਾ ਗਲੋਬਲ ਇਨਵੈਸਟਰ ਸਮਿਟ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਨੀਤੀਆਂ ਦਾ ਸਰਲੀਕਰਨ, ਤੇਜ਼ ਮਨਜ਼ੂਰੀਆਂ, ਬਿਹਤਰ ਬੁਨਿਆਦੀ ਢਾਂਚਾ, ਸਕਿਲਡ ਮੈਨਪਾਵਰ ਅਤੇ ਪ੍ਰਭਾਵੀ ਇਨਵੈਸਟਰ ਫੈਸਿਲਿਟੇਸ਼ਨ ਰਾਹੀਂ ਸੂਬੇ ਵਿੱਚ ਮਜ਼ਬੂਤ ਨਿਵੇਸ਼ ਈਕੋਸਿਸਟਮ ਤਿਆਰ ਕਰਨਾ ਹੈ। ਕਾਨਫਰੰਸ ਵਿੱਚ ਵੱਖ-ਵੱਖ ਪ੍ਰਮੁੱਖ ਨਿਵੇਸ਼ ਕੰਪਨੀਆਂ ਦੇ ਐੱਮ.ਡੀ., ਫਾਊਂਡਰ ਅਤੇ ਸੀਈਓਜ਼ ਨੇ ਹਿੱਸਾ ਲਿਆ। ਨਿਵੇਸ਼ਕਾਂ ਨੇ ਹਰਿਆਣਾ ਦੀਆਂ ਉਦਯੋਗ ਪੱਖੀ ਨੀਤੀਆਂ, ਈਜ਼ ਆਫ਼ ਡੂਇੰਗ ਬਿਜ਼ਨਸ, ਪਲੱਗ ਐਂਡ ਪਲੇ ਮਾਡਲ ਅਤੇ ਨਿਵੇਸ਼ ਪ੍ਰੋਤਸਾਹਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਨ੍ਹਾਂ ਨੀਤੀਆਂ ਨਾਲ ਸੂਬੇ ਵਿੱਚ ਆਉਣ ਵਾਲੇ ਸਮੇਂ ਦੌਰਾਨ ਨਵੇਂ ਨਿਵੇਸ਼ ਅਤੇ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH