ਪੰਜਾਬ ’ਚ ਮਹਿੰਗਾਈ ਦਾ ਝਟਕਾ: ਆਟਾ, ਖੰਡ ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਧੀਆਂ, ਘਰੇਲੂ ਬਜਟ ’ਤੇ ਵਧਿਆ ਬੋਝ
ਚੰਡੀਗੜ੍ਹ, 24 ਅਗਸਤ (ਹਿੰ.ਸ.)| ਰਸੋਈ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ, ਖ਼ਾਸ ਕਰਕੇ ਮੱਧ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ਤੋਂ ਬਾਅਦ ਹੁਣ ਆਟੇ ਦੇ ਭਾਅ ਵਿੱਚ ਵੀ ਵਾਧਾ ਹੋਇਆ ਹੈ
ਪੰਜਾਬ ’ਚ ਮਹਿੰਗਾਈ ਦਾ ਝਟਕਾ: ਆਟਾ, ਖੰਡ ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਧੀਆਂ, ਘਰੇਲੂ ਬਜਟ ’ਤੇ ਵਧਿਆ ਬੋਝ


ਚੰਡੀਗੜ੍ਹ, 24 ਅਗਸਤ (ਹਿੰ.ਸ.)| ਰਸੋਈ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਜ਼ਰੂਰੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ, ਖ਼ਾਸ ਕਰਕੇ ਮੱਧ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ਤੋਂ ਬਾਅਦ ਹੁਣ ਆਟੇ ਦੇ ਭਾਅ ਵਿੱਚ ਵੀ ਵਾਧਾ ਹੋਇਆ ਹੈ। ਗੈਰ-ਬ੍ਰਾਂਡਿਡ ਚੱਕੀ ਆਟੇ ਦੀ ਕੀਮਤ ਵਿੱਚ ਕਰੀਬ 3 ਰੁਪਏ ਪ੍ਰਤੀ ਕਿਲੋ ਅਤੇ ਬ੍ਰਾਂਡਿਡ ਆਟੇ ਵਿੱਚ ਲਗਭਗ 1 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।ਪੰਜਾਬ ਰੋਲਰ ਫਲੋਰ ਮਿੱਲਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਇਸ ਵਾਧੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਣਕ ਦੇ ਆਟੇ ਦੀਆਂ ਕੀਮਤਾਂ ਵਿੱਚ ਇਹ ਵਾਧਾ ਦੇਸ਼ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਰੀਬ 90 ਰੋਲਰ ਫਲੋਰ ਮਿੱਲਾਂ ਤੋਂ ਇਲਾਵਾ ਹਜ਼ਾਰਾਂ ਆਟਾ ਚੱਕੀਆਂ ਹਨ ਅਤੇ ਇਨ੍ਹਾਂ ਸਾਰਿਆਂ ਵੱਲੋਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।ਨਰੇਸ਼ ਘਈ ਮੁਤਾਬਕ ਕੇਂਦਰ ਸਰਕਾਰ ਨੇ ਅਪ੍ਰੈਲ ਦੇ ਖਰੀਦ ਸੀਜ਼ਨ ਦੌਰਾਨ ਪੰਜਾਬ ਤੋਂ 122 ਲੱਖ ਟਨ ਕਣਕ ਖਰੀਦੀ ਸੀ, ਜੋ ਸੂਬੇ ਦੀ ਕੁੱਲ ਕਣਕ ਪੈਦਾਵਾਰ ਦਾ ਲਗਭਗ 98 ਫੀਸਦੀ ਹੈ। ਬਾਕੀ 2 ਫੀਸਦੀ ਕਣਕ ਫਲੋਰ ਮਿੱਲਰਾਂ ਵੱਲੋਂ ਸਟਾਕ ਕੀਤੀ ਗਈ ਸੀ। ਹੁਣ ਇਹ ਸਟਾਕ ਖ਼ਤਮ ਹੋਣ ਕਾਰਨ ਮਿੱਲਰਾਂ ਨੂੰ ਦੂਜੇ ਸੂਬਿਆਂ ਤੋਂ ਕਣਕ ਖਰੀਦਣੀ ਪੈ ਰਹੀ ਹੈ।ਉਨ੍ਹਾਂ ਕਿਹਾ ਕਿ ਹਰ ਸਾਲ ਖਰੀਦ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਅਜਿਹੀ ਸਥਿਤੀ ਬਣਦੀ ਹੈ। ਪੰਜਾਬ ਦੇਸ਼ ਦਾ ਵੱਡਾ ਕਣਕ ਉਤਪਾਦਕ ਅਤੇ ਖਪਤਕਾਰ ਸੂਬਾ ਹੈ, ਪਰ ਖਰੀਦ ਸੀਜ਼ਨ ਤੋਂ ਬਾਅਦ ਇੱਥੇ ਕਣਕ ਦੀ ਘਾਟ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਪੰਜਾਬ ਲਈ ਵਿਸ਼ੇਸ਼ ਨੀਤੀ ਬਣਾਉਣ ਦੀ ਮੰਗ ਕੀਤੀ।ਫਲੋਰ ਮਿੱਲਰ ਰਾਘਵ ਅਰੋੜਾ ਨੇ ਦੱਸਿਆ ਕਿ ਅਪ੍ਰੈਲ ਵਿੱਚ ਕਣਕ ਦੀ ਸਰਕਾਰੀ ਐੱਮਐੱਸਪੀ 2,585 ਰੁਪਏ ਪ੍ਰਤੀ ਕੁਇੰਟਲ ਸੀ, ਜਦਕਿ ਹੁਣ ਮਿੱਲਰਾਂ ਨੂੰ ਇਹੀ ਕਣਕ ਲਗਭਗ 2,800 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਖਰੀਦਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਆਟੇ ਵਿੱਚ ਕੋਈ ਵੱਡੀ ਵੈਲਿਊ ਐਡੀਸ਼ਨ ਨਹੀਂ ਹੁੰਦੀ, ਇਸ ਲਈ ਕੀਮਤ ਵਿੱਚ ਵਾਧਾ ਮੁੱਖ ਤੌਰ ’ਤੇ ਕਣਕ ਦੀ ਵਧੀ ਲਾਗਤ ਅਤੇ ਪ੍ਰੋਸੈਸਿੰਗ ਖਰਚਿਆਂ ਕਾਰਨ ਹੈ।ਬ੍ਰਾਂਡਿਡ ਆਟੇ ਦੇ 10 ਕਿਲੋ ਦੇ ਪੈਕੇਟ ਪਹਿਲਾਂ 489 ਰੁਪਏ ਦੇ ਕਰੀਬ ਵਿਕ ਰਹੇ ਸਨ, ਜਦਕਿ ਨਵੀਂ ਖੇਪ ’ਤੇ ਕੀਮਤ 500 ਰੁਪਏ ਤੱਕ ਪਹੁੰਚ ਗਈ ਹੈ। ਗੈਰ-ਬ੍ਰਾਂਡਿਡ ਆਟੇ ਦਾ 10 ਕਿਲੋ ਪੈਕੇਟ ਵੀ ਥੋਕ ਕੀਮਤਾਂ ਵਧਣ ਤੋਂ ਬਾਅਦ ਕਰੀਬ 350 ਰੁਪਏ ਵਿੱਚ ਵਿਕ ਰਿਹਾ ਹੈ।ਇਸ ਦੇ ਨਾਲ ਖੰਡ ਦੀ ਕੀਮਤ 70 ਤੋਂ 75 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਇੱਕ ਮਹੀਨੇ ਦੌਰਾਨ ਕਰੀਬ 20 ਫੀਸਦੀ ਵਾਧਾ ਹੋਇਆ ਹੈ। ਗੈਰ-ਬ੍ਰਾਂਡਿਡ ਸਰ੍ਹੋਂ ਦਾ ਤੇਲ ਲਗਭਗ 180 ਰੁਪਏ ਪ੍ਰਤੀ ਲੀਟਰ ਅਤੇ ਬ੍ਰਾਂਡਿਡ ਤੇਲ 220 ਰੁਪਏ ਪ੍ਰਤੀ ਲੀਟਰ ਤੱਕ ਵਿਕ ਰਿਹਾ ਹੈ। ਵਧਦੇ ਆਟੇ, ਖੰਡ, ਤੇਲ, ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੇ ਭਾਅ ਕਾਰਨ ਲੋਕਾਂ ਦੇ ਰੋਜ਼ਾਨਾ ਘਰੇਲੂ ਖਰਚੇ ਵਿੱਚ ਵਾਧਾ ਹੋ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande