
ਮੋਹਾਲੀ, 24 ਅਗਸਤ (ਹਿੰ.ਸ.)| ਮੋਹਾਲੀ ਵਿੱਚ ਐਤਵਾਰ ਰਾਤ ਰਾਮਪੁਰਾ-ਛੱਤਬੀੜ ਰੋਡ ’ਤੇ ਉਸ ਸਮੇਂ ਵੱਡਾ ਹਾਦਸਾ ਟਲ ਗਿਆ, ਜਦੋਂ ਪਿੰਡ ਰਾਮਪੁਰਾ ਤੋਂ ਛੱਤਬੀੜ ਵੱਲ ਜਾ ਰਹੀ ਇੱਕ ਇਨੋਵਾ ਕਾਰ ਪਾਣੀ ਨਾਲ ਭਰੇ ਸੂਏ ਵਿੱਚ ਫਸ ਗਈ। ਕਾਰ ਵਿੱਚ ਤਿੰਨ ਲੋਕ ਸਵਾਰ ਸਨ। ਪਾਣੀ ਦਾ ਪੱਧਰ ਵਧਣ ਅਤੇ ਤੇਜ਼ ਵਹਾਅ ਕਾਰਨ ਤਿੰਨੇ ਕਾਰ ਅੰਦਰ ਹੀ ਫਸ ਗਏ।ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀਆਂ ਰੂਟ 90302 ਅਤੇ 90301 ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਜਵਾਨਾਂ ਨੇ ਬਿਨਾਂ ਦੇਰੀ ਕੀਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਅਤੇ ਪਾਣੀ ਵਿੱਚ ਉਤਰ ਕੇ ਕਾਰ ਵਿੱਚ ਫਸੇ ਤਿੰਨਾਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।ਬਚਾਏ ਗਏ ਵਿਅਕਤੀਆਂ ਦੀ ਪਛਾਣ ਕਰਮਵੀਰ ਸਿੰਘ, ਰੋਬਿਨ ਅਤੇ ਤੇਜਪ੍ਰਕਾਸ਼ ਸਿੰਘ ਵਜੋਂ ਹੋਈ ਹੈ। ਕਰਮਵੀਰ ਸਿੰਘ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ, ਜਦਕਿ ਰੋਬਿਨ ਅਤੇ ਤੇਜਪ੍ਰਕਾਸ਼ ਸਿੰਘ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ।ਤੇਜ਼ ਵਹਾਅ ਕਾਰਨ ਕਾਰ ਵਿੱਚ ਪਿਆ ਕੁਝ ਸਾਮਾਨ ਵੀ ਪਾਣੀ ਵਿੱਚ ਰੁੜ੍ਹ ਗਿਆ ਸੀ। ਰੈਸਕਿਊ ਦੌਰਾਨ ਐਐਸਐਫ ਦੇ ਜਵਾਨਾਂ ਨੂੰ ਇੱਕ ਆਈਫੋਨ ਅਤੇ 25 ਹਜ਼ਾਰ ਰੁਪਏ ਨਕਦ ਮਿਲੇ। ਜਵਾਨਾਂ ਨੇ ਬਰਾਮਦ ਕੀਤਾ ਸਾਮਾਨ ਸੁਰੱਖਿਅਤ ਢੰਗ ਨਾਲ ਕਰਮਵੀਰ ਸਿੰਘ ਦੇ ਹਵਾਲੇ ਕਰ ਦਿੱਤਾ। ਐਐਸਐਫ ਦੀ ਟੀਮ ਵੱਲੋਂ ਸਮੇਂ ਸਿਰ ਮੌਕੇ ’ਤੇ ਪਹੁੰਚ ਕੇ ਕੀਤੀ ਗਈ ਤੁਰੰਤ ਕਾਰਵਾਈ ਨਾਲ ਤਿੰਨਾਂ ਵਿਅਕਤੀਆਂ ਦੀ ਜਾਨ ਬਚ ਗਈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਪਾਣੀ ਨਾਲ ਭਰੇ ਰਸਤਿਆਂ ਅਤੇ ਸੂਏ ਦੇ ਨੇੜੇ ਜਾਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH