ਬਠਿੰਡਾ ’ਚ ਨਿੱਜੀ ਬੱਸ ਦੇ ਕੰਡਕਟਰ ਦਾ ਕਤਲ, ਦੋ ਨੌਜਵਾਨਾਂ ਨਾਲ ਹੋਈ ਸੀ ਤਕਰਾਰ
ਚੰਡੀਗੜ੍ਹ, 24 ਅਗਸਤ (ਹਿੰ.ਸ.)| ਬਠਿੰਡਾ ਦੇ ਬੱਸ ਸਟੈਂਡ ਵਿੱਚ ਬੀਤੀ ਰਾਤ ਇੱਕ ਨਿੱਜੀ ਬੱਸ ਦੇ 23 ਸਾਲਾ ਕੰਡਕਟਰ ਦਾ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਚੁੱਘੇ ਕਲਾਂ ਵਜੋਂ ਹੋਈ ਹੈ, ਜੋ ਐੱਮਐੱਚਟੀ ਬੱਸ ਕੰਪਨੀ ਵਿੱਚ ਕੰਡਕਟਰ ਵ
ਬਠਿੰਡਾ ’ਚ ਨਿੱਜੀ ਬੱਸ ਦੇ ਕੰਡਕਟਰ ਦਾ ਕਤਲ, ਦੋ ਨੌਜਵਾਨਾਂ ਨਾਲ ਹੋਈ ਸੀ ਤਕਰਾਰ


ਚੰਡੀਗੜ੍ਹ, 24 ਅਗਸਤ (ਹਿੰ.ਸ.)| ਬਠਿੰਡਾ ਦੇ ਬੱਸ ਸਟੈਂਡ ਵਿੱਚ ਬੀਤੀ ਰਾਤ ਇੱਕ ਨਿੱਜੀ ਬੱਸ ਦੇ 23 ਸਾਲਾ ਕੰਡਕਟਰ ਦਾ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਚੁੱਘੇ ਕਲਾਂ ਵਜੋਂ ਹੋਈ ਹੈ, ਜੋ ਐੱਮਐੱਚਟੀ ਬੱਸ ਕੰਪਨੀ ਵਿੱਚ ਕੰਡਕਟਰ ਵਜੋਂ ਕੰਮ ਕਰਦਾ ਸੀ।

ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਆਪਣੀ ਬੱਸ ਰਾਹੀਂ ਅੰਮ੍ਰਿਤਸਰ ਤੋਂ ਬਠਿੰਡਾ ਵਾਪਸ ਆਇਆ ਸੀ। ਬੱਸ ਸਟੈਂਡ ਵਿੱਚ ਬੱਸ ਖੜ੍ਹੀ ਕਰਨ ਤੋਂ ਬਾਅਦ ਉਹ ਪਿੱਛੇ ਸਥਿਤ ਇੱਕ ਢਾਬੇ ’ਤੇ ਰੋਟੀ ਖਾਣ ਲਈ ਗਿਆ। ਇਸ ਦੌਰਾਨ ਉੱਥੇ ਦੋ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਉਸ ਦੀ ਤਕਰਾਰ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਰੋਟੀ ਖਾਣ ਤੋਂ ਬਾਅਦ ਜਦੋਂ ਬਲਜਿੰਦਰ ਆਪਣੀ ਬੱਸ ਵੱਲ ਵਾਪਸ ਆ ਰਿਹਾ ਸੀ ਤਾਂ ਦੋਵੇਂ ਨੌਜਵਾਨ ਉਸ ਦੇ ਪਿੱਛੇ ਬੱਸ ਸਟੈਂਡ ਤੱਕ ਆ ਗਏ। ਬੱਸ ਸਟੈਂਡ ਦੇ ਛੋਟੇ ਗੇਟ ਨੇੜੇ ਮੁੜ ਤਕਰਾਰ ਹੋਈ, ਜੋ ਕਥਿਤ ਤੌਰ ’ਤੇ ਹੱਥੋਪਾਈ ਵਿੱਚ ਬਦਲ ਗਈ। ਇਸ ਦੌਰਾਨ ਇੱਕ ਨੌਜਵਾਨ ਨੇ ਕਿਰਚ ਨਾਲ ਬਲਜਿੰਦਰ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਕੇ ਖੂਨ ਨਾਲ ਲੱਥਪੱਥ ਹੋ ਗਿਆ।

ਵਾਰਦਾਤ ਤੋਂ ਬਾਅਦ ਬੱਸ ਸਟੈਂਡ ਵਿੱਚ ਮੌਜੂਦ ਬੱਸ ਸਟਾਫ਼ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਬਲਜਿੰਦਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।

ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਬੱਸ ਸਟੈਂਡ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਹਮਲਾਵਰਾਂ ਦੀ ਪਛਾਣ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande