
ਸੜਕ ਪਾਰ ਕਰਕੇ ਆਟੋ ਸਟੈਂਡ ਵੱਲ ਜਾ ਰਹੀ ਸੀ ਔਰਤ, ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਤੋਂ ਸੀਐੱਮਸੀ ਰੈਫਰ
ਲੁਧਿਆਣਾ, 21 ਸਤੰਬਰ (ਹਿੰ.ਸ.)| ਲੁਧਿਆਣਾ ਦੇ ਸਮਰਾਲਾ ਚੌਕ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ 10 ਟਾਇਰੀ ਭਾਰੀ ਟਰੱਕ ਨੇ ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੌਰਾਨ ਔਰਤ ਦੇ ਦੋਵੇਂ ਪੈਰ ਟਰੱਕ ਦੇ ਟਾਇਰ ਹੇਠਾਂ ਆਉਣ ਕਾਰਨ ਬੁਰੀ ਤਰ੍ਹਾਂ ਕੁਚਲੇ ਗਏ। ਗੰਭੀਰ ਜ਼ਖ਼ਮੀ ਔਰਤ ਨੂੰ ਇਲਾਜ ਲਈ ਕ੍ਰਿਸਚੀਅਨ ਮੈਡੀਕਲ ਕਾਲਜ (ਸੀਐੱਮਸੀ) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਚਸ਼ਮਦੀਦਾਂ ਮੁਤਾਬਕ, ਬਜ਼ੁਰਗ ਔਰਤ ਚੰਡੀਗੜ੍ਹ ਰੋਡ ਵੱਲੋਂ ਆ ਰਹੀ ਸੀ। ਉਹ ਜਗੀਰਪੁਰ ਜਾਣ ਲਈ ਸਮਰਾਲਾ ਚੌਕ ਦੇ ਦੂਜੇ ਪਾਸੇ ਸਥਿਤ ਆਟੋ ਸਟੈਂਡ ਵੱਲ ਜਾ ਰਹੀ ਸੀ। ਜਦੋਂ ਉਹ ਸੜਕ ਪਾਰ ਕਰਨ ਲੱਗੀ ਤਾਂ ਇਸੇ ਦੌਰਾਨ ਟਰੱਕ ਦੀ ਲਪੇਟ ਵਿੱਚ ਆ ਗਈ ਅਤੇ ਦਰਦਨਾਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ 10 ਟਾਇਰੀ ਟਰੱਕ ਮੋਗਾ ਵੱਲੋਂ ਆ ਰਿਹਾ ਸੀ ਅਤੇ ਉਸ ਨੇ ਹਰਿਆਣਾ ਜਾਣਾ ਸੀ। ਸਮਰਾਲਾ ਚੌਕ ’ਤੇ ਟਰੱਕ ਜਦੋਂ ਚੰਡੀਗੜ੍ਹ ਰੋਡ ਵੱਲ ਮੁੜਨ ਲੱਗਾ ਤਾਂ ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਟਰੱਕ ਦੇ ਕੰਡਕਟਰ ਸਾਈਡ ਵਾਲੇ ਹਿੱਸੇ ਦੀ ਲਪੇਟ ਵਿੱਚ ਆ ਗਈ।
ਔਰਤ ਸਿੱਧੀ ਟਰੱਕ ਦੇ ਅਗਲੇ ਟਾਇਰ ਹੇਠਾਂ ਆ ਗਈ ਅਤੇ ਟਰੱਕ ਦਾ ਪਹੀਆ ਉਸ ਦੇ ਦੋਵੇਂ ਪੈਰਾਂ ਉੱਪਰੋਂ ਲੰਘ ਗਿਆ। ਇਸ ਕਾਰਨ ਉਸ ਦੇ ਪੈਰ ਬੁਰੀ ਤਰ੍ਹਾਂ ਕੁਚਲੇ ਗਏ ਅਤੇ ਕਾਫ਼ੀ ਖ਼ੂਨ ਵਹਿਣ ਲੱਗਾ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਪੁਕਾਰ ਮਚ ਗਈ। ਰਾਹਗੀਰਾਂ ਨੇ ਤੁਰੰਤ ਜ਼ਖ਼ਮੀ ਔਰਤ ਨੂੰ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਔਰਤ ਦੀ ਹਾਲਤ ਗੰਭੀਰ ਹੋਣ ਅਤੇ ਸੱਟਾਂ ਜ਼ਿਆਦਾ ਹੋਣ ਕਾਰਨ ਡਾਕਟਰਾਂ ਨੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸ ਨੂੰ ਸੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ।
ਫਿਲਹਾਲ ਔਰਤ ਦਾ ਸੀਐੱਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਡਾਕਟਰਾਂ ਦੀ ਟੀਮ ਉਸ ਦੀ ਜਾਨ ਬਚਾਉਣ ਲਈ ਇਲਾਜ ਕਰ ਰਹੀ ਹੈ। ਹਾਦਸੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਘਟਨਾ ਸਥਾਨ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਰੱਕ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH