ਇਸਲਾਮਾਬਾਦ, 20 ਨਵੰਬਰ (ਹਿੰ.ਸ.)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਅੱਜ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਖ਼ਿਲਾਫ਼ ਫ਼ੌਜੀ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼ਾਹਬਾਜ਼ ਨੇ ਨੈਸ਼ਨਲ ਐਕਸ਼ਨ ਪਲਾਨ (ਐਨਏਪੀ) ਦੀ ਸਿਖਰ ਕਮੇਟੀ ਦੀ ਬੈਠਕ 'ਚ ਅੱਤਵਾਦ 'ਤੇ ਚਰਚਾ ਦੌਰਾਨ ਸਰਕਾਰ ਦੇ ਭਵਿੱਖੀ ਕਦਮਾਂ ਦੀ ਜਾਣਕਾਰੀ ਦਿੱਤੀ।
ਡਾਨ ਅਖਬਾਰ ਦੇ ਅਨੁਸਾਰ, ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤੀ। ਸਿਖਰਲੀ ਕਮੇਟੀ ਨੇ ਅੱਜ ਬਲੋਚਿਸਤਾਨ ਵਿੱਚ ਅੱਤਵਾਦ ਅਤੇ ਵੱਖਵਾਦੀ ਗਤੀਵਿਧੀਆਂ ਖ਼ਿਲਾਫ਼ ਪੂਰੀ ਫ਼ੌਜੀ ਕਾਰਵਾਈ ਨੂੰ ਪ੍ਰਵਾਨਗੀ ਦੇ ਦਿੱਤੀ। ਨਾਲ ਹੀ ਰਾਸ਼ਟਰੀ ਅੱਤਵਾਦ ਵਿਰੋਧੀ ਅਥਾਰਟੀ ਨੂੰ ਮੁੜ ਸੁਰਜੀਤ ਕਰਨ ਦੀ ਸਹੁੰ ਵੀ ਖਾਧੀ। ਸ਼ਹਿਬਾਜ਼ ਸ਼ਰੀਫ਼ ਨੇ ਪਾਬੰਦੀਸ਼ੁਦਾ ਬੀਐਲਏ ਨੂੰ ਕੁਚਲਣ ਲਈ ਦ੍ਰਿੜ ਵਚਨਬੱਧਤਾ ਪ੍ਰਗਟਾਈ।
ਮੀਟਿੰਗ ਵਿੱਚ ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ, ਸਾਰੇ ਮੁੱਖ ਮੰਤਰੀ, ਫੈਡਰਲ ਕੈਬਨਿਟ ਮੈਂਬਰ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਸਾਰਿਆਂ ਨੇ ਇੱਕਮੁੱਠ ਹੋ ਕੇ ਕਿਹਾ ਕਿ ਮਜੀਦ ਬ੍ਰਿਗੇਡ, ਬੀ.ਐਲ.ਏ., ਬੀ.ਐਲ.ਐਫ (ਬਲੋਚਿਸਤਾਨ ਲਿਬਰੇਸ਼ਨ ਫਰੰਟ) ਅਤੇ ਬੀਆਰਏਐਸ (ਬਲੋਚ ਰਾਜੀ ਆਜੋਈ ਸੰਗਰ) ਸਮੇਤ ਬਲੋਚਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨ ਦੇਸ਼ ਦੀ ਆਰਥਿਕ ਹਾਲਤ ਨੂੰ ਖਰਾਬ ਕਰਨ ਲਈ ਨਿਰਦੋਸ਼ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਲਈ ਇਨ੍ਹਾਂ ਵਿਰੁੱਧ ਵਿਆਪਕ ਫੌਜੀ ਮੁਹਿੰਮ ਜ਼ਰੂਰੀ ਹੈ। ਫੌਜ ਮੁਖੀ ਜਨਰਲ ਮੁਨੀਰ ਨੇ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਸਰਕਾਰ ਦੀ ਪਹਿਲਕਦਮੀ ਦਾ ਸਮਰਥਨ ਕੀਤਾ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ